
ਜਲੰਧਰ ਤੋਂ ਭਾਜਪਾ ਦੇ ਸਾਬਕਾ ਕੈਬਿਨੇਟ ਮੰਤਰੀ ਭਗਤ ਚੁੰਨੀ ਲਾਲ ਨੇ ਵੀਡੀਉ ਜਾਰੀ ਕਰ ਕੇ ਭਾਜਪਾ ਆਗੂਆਂ ਨੂੰ ਕੀਤੀ ਤਾਕੀਦ
ਜਲੰਧਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਲੰਧਰ ਤੋਂ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਨੇ ਸੋਮਵਾਰ ਨੂੰ ਭਾਜਪਾ ਦੇ ਪੋਸਟਰਾਂ ’ਤੇ ਅਪਣੀ ਤਸਵੀਰ ਲਗਾਉਣ ’ਤੇ ਇਤਰਾਜ਼ ਜਤਾਇਆ। ਚੁੰਨੀ ਲਾਲ ਨੇ ਅੱਜ ਇਕ ਵੀਡੀਉ ਜਾਰੀ ਕਰ ਕੇ ਕਿਹਾ ਹੈ ਕਿ ਉਨ੍ਹਾਂ ਦੇ ਸਿਆਸਤ ਤੋਂ ਸੰਨਿਆਸ ਲੈਣ ਦੇ ਬਾਵਜੂਦ ਉਨ੍ਹਾਂ ਦੀ ਤਸਵੀਰ ਭਾਜਪਾ ਉਮੀਦਵਾਰਾਂ ਵਲੋਂ ਲਗਾਏ ਜਾ ਰਹੇ ਪੋਸਟਰਾਂ ’ਤੇ ਦਿਸ ਰਹੀ ਹੈ। ਉਨ੍ਹਾਂ ਕਿਹਾ, ‘‘ਪਰ ਹੁਣ ਮੇਰਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’’
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਉ ’ਚ ਉਹ ਕਹਿੰਦੇ ਦਿਸ ਰਹੇ ਹਨ, ‘‘ਮੇਰਾ ਬੇਟਾ ਸਿਆਸਤ ’ਚ ਹੈ ਅਤੇ ਹੁਣ ਉਹ ‘ਆਪ’ (ਆਮ ਆਦਮੀ ਪਾਰਟੀ) ਨਾਲ ਹੈ।’’ ਭਗਤ ਚੁੰਨੀ ਲਾਲ ਵਲੋਂ ਜਾਰੀ ਵੀਡੀਉ ’ਚ ਉਹ ਕਹਿ ਰਹੇ ਹਨ, ‘‘ਜਦੋਂ ਮੇਰੇ ਬੇਟੇ ਨੇ ਭਾਜਪਾ ਤੋਂ ਚੋਣ ਲੜੀ ਸੀ ਤਾਂ ਉਸ ਨੂੰ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਹਰਾਇਆ ਸੀ। ਇਨ੍ਹਾਂ ’ਚ ਕੁੱਝ ਕੌਂਸਲਰ ਵੀ ਸ਼ਾਮਲ ਹਨ। ਨਤੀਜੇ ਵਜੋਂ ਮੇਰੇ ਬੇਟੇ ਮਹਿੰਦਰ ਭਗਤ ਨੇ ‘ਆਪ’ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।’’
ਚੁੰਨੀ ਲਾਲ ਨੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਮਹਿੰਦਰ ਭਗਤ ਦਾ ਸਮਰਥਨ ਕਰਨ। ਚੁੰਨੀ ਲਾਲ ਨੇ ਇਸ ਚੋਣ ’ਚ ਅਪਣੇ ਬੇਟੇ ਲਈ ਲੋਕਾਂ ਤੋਂ ਵੋਟਾਂ ਮੰਗੀਆਂ। ‘ਆਪ’ ਤੋਂ ਪਹਿਲਾਂ ਮਹਿੰਦਰ ਭਗਤ ਭਾਜਪਾ ’ਚ ਸਨ। ਪਰ ਪਿਛਲੇ ਸਾਲ ਮਹਿੰਦਰ ਭਗਤ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ।