
Amritsar News : ਹੁਣ ਕਿਸਾਨ ਕਰ ਸਕਣਗੇ ਝੋਨੇ ਦੀ ਬਿਜਾਈ, ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਕੰਡਿਆਲੀਆਂ ਤਾਰਾਂ ਤੋਂ ਪਾਰ ਜਾ ਕੇ ਕਿਸਾਨ ਕਰ ਸਕਦੇ ਹਨ ਝੋਨੇ ਦੀ ਬਿਜਾਈ
Amritsar News in Punjabi : ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਹੋਣ ਮਗਰੋਂ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ’ਚ ਖੇਤੀ ਕਰਨ ਵਾਸਤੇ ਗੇਟ ਅੱਜ ਮੰਗਲਵਾਰ ਤੋਂ ਖੋਲ੍ਹ ਦਿੱਤੇ ਜਾਣਗੇ। ਅੰਮ੍ਰਿਤਸਰ ਸਰਹੱਦ ਦੇ ਨਾਲ ਲੱਗਦੇ ਇੱਕ ਗੇਟ ਨੂੰ ਝੋਨੇ ਦੀ ਬਿਜਾਈ ਲਈ ਖੋਲ੍ਹਿਆ ਗਿਆ ਹੈ। ਪੰਜਾਬ ਦੀ ਸਰਹੱਦ ਦੇ ਨਾਲ ਲੱਗਦੇ 210 ਪਿੰਡਾਂ ਨੂੰ ਇਜਾਜ਼ਤ ਮਿਲੀ ਹੈ। ਅੰਮ੍ਰਿਤਸਰ ਸਰਹੱਦ ਦੇ ਨਾਲ ਲੱਗਦੇ ਹਨ ਤਿੰਨ ਗੇਟ, ਫਿਲਹਾਲ ਇੱਕ ਗੇਟ ਨੂੰ ਹੀ ਖੋਲਣ ਦੀ ਇਜਾਜ਼ਤ ਮਿਲੀ ਹੈ।
ਇਹ ਜਾਣਕਾਰੀ ਬੀਤੇ ਦਿਨੀਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੀ। ਇਸ ਤੋਂ ਇਲਾਵਾ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਵੀ ਦੱਸਿਆ ਕਿ ਬੀਐੱਸਐੱਫ ਨੇ ਕਿਸਾਨਾਂ ਨੂੰ ਕੰਡਿਆਲੀ ਤਾਰ ਦੇ ਪਾਰ ਖੇਤੀ ਲਈ ਅੱਜ ਤੋਂ ਗੇਟ ਖੁੋਲ੍ਹਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕਿਸਾਨ ਆਗੂਆਂ ਦਾ ਇਕ ਵਫ਼ਦ ਬੀਐੱਸਐੱਫ ਦੇ ਅਧਿਕਾਰੀਆਂ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੂੰ ਗੋਲੀਬੰਦੀ ਤੋਂ ਬਾਅਦ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਖੇਤਾਂ ’ਚ ਕੰਮ ਕਰਨ ਦੀ ਆਗਿਆ ਦੇਣ ਦੀ ਪ੍ਰਵਾਨਗੀ ਦੇਣ ਲਈ ਆਖਿਆ ਸੀ।
ਉਨ੍ਹਾਂ ਦੱਸਿਆ ਕਿ ਬੀਐੱਸਐੱਫ ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ’ਤੇ ਖੇਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕਿਸਾਨਾਂ ਦੇ ਵਫ਼ਦ ਨੇ ਮੰਗ ਕੀਤੀ ਸੀ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ’ਤੇ ਕਣਕ ਦੀ ਕਟੀ ਹੋਈ ਫ਼ਸਲ ਦੇ ਰਹਿੰਦ-ਖੂੰਹਦ ਦੀ ਤੂੜੀ ਤਿਆਰ ਕਰਨ ਅਤੇ ਝੋਨੇ ਦੀ ਫ਼ਸਲ ਵਾਸਤੇ ਪਨੀਰੀ ਤਿਆਰ ਕਰਨ ਦੀ ਲੋੜ ਹੈ।
ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਹੱਦ ’ਤੇ ਸ਼ਾਹਪੁਰ ਚੌਕੀ ਵਿਖੇ ਪਹੁੰਚ ਕੇ ਬੀਐੱਸਐੱਫ ਦੇ ਜਵਾਨਾਂ ਨੂੰ ਮਿਠਾਈਆਂ ਅਤੇ ਫ਼ਲਾਂ ਦੇ ਟੋਕਰੇ ਭੇਟ ਕੀਤੇ ਅਤੇ ਦੇਸ਼ ’ਤੇ ਆਏ ਸੰਕਟ ਸਮੇਂ ਜਵਾਨਾਂ ਵੱਲੋਂ ਸਰਹੱਦ ’ਤੇ ਸਖ਼ਤੀ ਨਾਲ ਪਹਿਰਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਰਹੱਦ ਉੱਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਬੀਐੱਸਐੱਫ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਬੀਐੱਸਐੱਫ ਨੇ ਕਿਸਾਨਾਂ ਵਾਸਤੇ ਅੱਜ ਤੋਂ ਗੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਆਪਣੇ ਖੇਤਾਂ ’ਚ ਜਾ ਕੇ ਕੰਮ ਕਰ ਸਕਣਗੇ।
ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਤਣਾਅ ਦੇ ਚਲਦੇ ਇਹ ਰੋਕ ਲਗਾਈ ਗਈ ਸੀ।
(For more news apart from Farmers with lands beyond barbed wire get big relief Now they will be able to sow paddy in their crops beyond the wire News in Punjabi, stay tuned to Rozana Spokesman)