
ਗ਼ਰੀਬੀ, ਬੇਰੁਜ਼ਗਾਰੀ, ਬੀਮਾਰੀ ਅਤੇ ਭੁੱਖਮਰੀ ਉਹ ਅਲਾਮਤਾਂ ਹਨ ਜਿਹੜੀਆਂ ਚੰਗੇ ਭਲੇ ਮਨੁੱਖ ਨੂੰ ਵੀ ਦੱਬੂ ਅਤੇ
ਸੰਗਰੂਰ, 19 ਜੂਨ (ਬਲਵਿੰਦਰ ਸਿੰਘ ਭੁੱਲਰ): ਗ਼ਰੀਬੀ, ਬੇਰੁਜ਼ਗਾਰੀ, ਬੀਮਾਰੀ ਅਤੇ ਭੁੱਖਮਰੀ ਉਹ ਅਲਾਮਤਾਂ ਹਨ ਜਿਹੜੀਆਂ ਚੰਗੇ ਭਲੇ ਮਨੁੱਖ ਨੂੰ ਵੀ ਦੱਬੂ ਅਤੇ ਹੀਣਾ ਬਣਾ ਦਿੰਦੀਆਂ ਹਨ। ਪੇਟ ਨੂੰ ਝੁਲਕਾ ਦੇਣਾ ਸੱਭ ਤੋਂ ਔਖਾ ਕੰਮ ਹੈ। ਇਸ ਨੂੰ ਭਰਨ ਲਈ ਕਈ ਵਾਰ ਮਨੁੱਖ ਅਨੈਤਿਕ ਅਤੇ ਕਈ ਵਾਰ ਸਮਾਜ ਵਿਰੋਧੀ ਕਾਰਵਾਈਆਂ ਨੂੰ ਮਜਬੂਰੀ ਵਿਚ ਅੰਜਾਮ ਤਾਂ ਦੇ ਦਿੰਦਾ ਹੈ ਪਰ ਇਸ ਦੇ ਸਿੱਟੇ ਬਹੁਤ ਮਾੜੇ ਅਤੇ ਦੂਰਰਸੀ ਹੋ ਨਿੱਬੜਦੇ ਹਨ।
File Photo
ਸਾਡੇ ਸਮਾਜ ਵਿਚ ਕਈ ਵਰਗ ਬਹੁਤ ਨਿਮਾਣੇ, ਲਿਤਾੜੇ ਅਤੇ ਜਿਉਣ ਲਈ ਸੰਘਰਸ਼ ਤਾਂ ਕਰ ਰਹੇ ਹਨ ਪਰ ਮੰਗ ਕੇ ਰੋਟੀ ਖਾਣੀ ਅਪਣੀ ਤੌਹੀਨ ਸਮਝਦੇ ਹਨ। ਸਾਡੇ ਸਮਾਜ ਦਾ ਇਕ ਵਰਗ ਸਾਰਾ ਦਿਨ ਪੈਦਲ ਤੁਰ ਫਿਰ ਕੇ ਸੜਕਾਂ ਦੇ ਆਲੇ ਦੁਆਲੇ ਤੋਂ ਚੁੰਬਕਾਂ ਰਾਹੀਂ ਲੋਹਾ ਇਕੱਠਾ ਕਰਦਾ ਹੈ। ਚੁੰਬਕਾਂ ਦੀ ਸਹਾਇਤਾ ਨਾਲ ਇਕੱਤਰ ਕੀਤਾ ਗਿਆ ਲੋਹਾ ਵੇਚ ਕੇ ਇਹ ਲੋਕ ਅਪਣੇ ਅਤੀਤ, ਵਰਤਮਾਨ ਅਤੇ ਭਵਿੱਖ ਦੀ ਰੂਪ ਰੇਖਾ ਪਿਛਲੇ ਕਈ ਦਹਾਕਿਆਂ ਤੋਂ ਸੰਵਾਰਨ ਅਤੇ ਉਲੀਕਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ ਪਰ ਬੇਵੱਸੀ ਉਨ੍ਹਾਂ ਦਾ ਰਾਹ ਰੋਕੀ ਬੈਠੀ ਹੈ।
ਇਸ ਦੀ ਪ੍ਰਤੱਖ ਮਿਸਾਲ ਸੰਗਰੂਰ ਵਿਚ ਮਿੱਟੀ ਫ਼ਰੋਲ ਕੇ ਲੋਹਾ ਇਕੱਤਰ ਕਰ ਰਹੀਆਂ ਔਰਤਾਂ ਨੂੰ ਵੇਖ ਕਿ ਮਿਲੀ ਜਦੋਂ ਉਹ ਅਪਣਾ ਅਤੇ ਅਪਣੇ ਬੱਚਿਆਂ ਦਾ ਭਵਿੱਖ ਮਿੱਟੀ ਫ਼ਰੋਲ ਕੇ ਤਲਾਸ਼ ਕਰ ਰਹੀਆਂ ਸਨ। ਭਾਵੇਂ ਕਿ ਸਾਡੇ ਦੇਸ਼ ਦੀ ਉੱਚ ਲੀਡਰਸ਼ਿਪ ਇਸ ਨੂੰ ਸੁਪਰ ਪਾਵਰ ਬਣਾਉਣ ਲਈ ਪ੍ਰਚਾਰ ਕਰ ਰਹੀ ਹੈ ਪਰ ਸਾਡੇ ਦੇਸ਼ ਵਿਚ ਦਰਜਨਾਂ ਅਜਿਹੇ ਕਬੀਲੇ ਵੀ ਹਨ। ਜਿਨ੍ਹਾਂ ਦੀਆਂ ਮਿੱਟੀ ਫਰੋਲਦਿਆਂ ਕਈ ਪੀੜ੍ਹੀਆਂ ਮਿੱਟੀ ਵਿੱਚ ਮਿੱਟੀ ਹੋ ਚੁੱਕੀਆਂ ਹਨ।