
ਥਾਣੇਦਾਰ ਵਲੋਂ ਮਜ਼ਲੂਮ ਔਰਤ ਨਾਲ ਜਬਰ ਜ਼ਨਾਹ ਦੇ ਮਾਮਲੇ ਦੀ ਸੀਲਬੰਦ ਰੀਪੋਰਟ ਪੇਸ਼
ਚੰਡੀਗੜ੍ਹ, 19 ਜੂਨ (ਸੁਰਜੀਤ ਸਿੰਘ ਸੱਤੀ): ਪੰਜਾਬ ਪੁਲਿਸ ਦੇ ਏਐਸਆਈ ਵਲੋਂ ਇਕ ਮੁੰਡੇ 'ਤੇ ਝੂਠਾ ਕੇਸ ਦਰਜ ਕਰਨ ਅਤੇ ਉਸ ਨੂੰ ਛੱਡਣ ਦੇ ਇਵਜ ਵਿਚ ਉਸ ਦੀ ਮਾਂ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਮੁਢਲੀ ਜਾਂਚ ਰਿਪੋਰਟ ਸੀਲਬੰਦ ਲਿਫ਼ਾਫ਼ੇ 'ਚ ਹਾਈ ਕੋਰਟ ਵਿਚ ਪੇਸ਼ ਕਰ ਦਿਤੀ ਹੈ | ਬੈਂਚ ਨੇ ਰਿਪੋਰਟ ਦੇਖਣ ਦੇ ਬਾਅਦ ਜਾਂਚ ਉਤੇ ਤਸੱਲੀ ਪ੍ਰਗਟਾਉਂਦੇ ਹੋਏ ਸਿੱਟ ਨੂੰ 3 ਅਗੱਸਤ ਮਾਮਲੇ ਦੀ ਅਗਲੀ ਸੁਣਵਾਈ ਉਤੇ ਅਗਲੇਰੀ ਜਾਂਚ ਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕਰਦਿਆਂ ਸੁਣਵਾਈ ਮੁਲਤਵੀ ਕਰ ਦਿਤੀ ਹੈ |
ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਪਿਛਲੀ ਸੁਣਵਾਈ 'ਤੇ ਹਾਈ ਕੋਰਟ ਨੂੰ ਦਸਿਆ ਸੀ ਕਿ ਮਾਮਲੇ ਦੀ ਜਾਂਚ ਲਈ ਸਿੱਟ ਬਣਾ ਕੇ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ | ਪੀੜਤ ਔਰਤ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਹਾਈ ਕੋਰਟ ਦੇ ਹੁਕਮ 'ਤੇ ਏਡੀਜੀਪੀ ਗੁਰਪ੍ਰੀਤ ਦਿਓ ਦੀ ਅਗਵਾਈ 'ਚ ਤਿੰਨ ਮਹਿਲਾ ਪੁਲਿਸ ਅਫ਼ਸਰਾਂ ਦੀ ਸਿੱਟ ਬਣਾਈ ਗਈ ਸੀ | ਉਥੇ ਹੀ ਸਰਕਾਰ ਨੇ ਇਸ ਮਾਮਲੇ ਵਿਚ ਐਨਡੀਪੀਐਸ ਕੇਸ ਦੀ ਜਾਂਚ ਲਈ ਵਖਰੀ ਸਿੱਟ ਬਣਾਈ ਹੈ | ਮੁਲਜ਼ਮ ਪੁਲਿਸ ਕਰਮੀ ਨੂੰ ਸ਼ਿਕਾਇਤ ਦੇ ਦਿਨ ਹੀ ਗਿ੍ਫ਼ਤਾਰ ਕਰ ਲਿਆ ਸੀ ਅਤੇ ਉਸ ਨੂੰ ਸੇਵਾ ਤੋਂ ਬਰਖਾਸਤ ਵੀ ਕੀਤਾ ਜਾ ਚੁੱਕਾ ਹੈ |
ਜ਼ਿਕਰਯੋਗ ਹੈ ਕਿ ਪੀੜਤ ਔਰਤ ਨੇ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਦਸਿਆ ਸੀ ਕਿ ਮੁਲਜ਼ਮ ਏਐਸਆਈ ਗੁਰਵਿੰਦਰ ਸਿੰਘ ਉਸ ਨਾਲ ਸਬੰਧ ਬਣਾਉਣਾ ਚਾਹੁੰਦਾ ਸੀ | ਜਦੋਂ ਉਸ ਨੇ ਇਸ ਤੋਂ ਮਨ੍ਹਾਂ ਕਰ ਦਿਤਾ ਤਾਂ ਉਸ ਦੇ 20 ਸਾਲ ਦੇ ਬੇਟੇ 'ਤੇ ਨਸ਼ਾ ਤਸਕਰੀ ਦਾ ਇਲਜ਼ਾਮ ਲਗਾਉਂਦੇ ਹੋਏ ਉਸ ਨੂੰ ਗਿ੍ਫ਼ਤਾਰ ਕਰ ਲਿਆ | ਉਸ ਨੂੰ ਛੱਡਣ ਦੇ ਇਵਜ ਵਿਚ ਉਸ ਨਾਲ ਸਬੰਧ ਬਣਾਉਣ ਦੀ ਗੱਲ ਕਹੀ ਅਤੇ 2 ਲੱਖ ਰੁਪਏ ਦੀ ਮੰਗ ਕੀਤੀ | ਪਟੀਸ਼ਨਰ ਨੇ ਇਕ ਲੱਖ ਰੁਪਏ ਦੇ ਦਿਤੇ, ਇਸ ਦੇ ਬਾਵਜੂਦ ਮੁਲਜ਼ਮ ਥਾਣੇਦਾਰ ਨੇ ਉਸ ਨਾਲ ਜਬਰ ਜਨਾਹ ਕੀਤਾ | ਇਸ ਮਾਮਲੇ ਵਿਚ ਪ੍ਰੇਸ਼ਾਨ ਪੀੜਤਾ ਨੇ ਪਿੰਡ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਦਿਤੀ ਜਿਨ੍ਹਾਂ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਫੜਿਆ ਅਤੇ ਵੀਡੀਉ ਵੀ ਬਣਾਈ | ਉੱਚ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਥਾਣੇਦਾਰ ਨੂੰ ਬਰਖਾਸਤ ਕਰ ਦਿਤਾ ਅਤੇ ਉਸ ਵਿਰੁਧ ਜਬਰ ਜਨਾਹ ਦਾ ਮਾਮਲਾ ਵੀ ਦਰਜ ਕਰ ਲਿਆ ਸੀ | ਪਰ ਪੀੜਤਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਇਸ ਮਾਮਲੇ ਦੀ ਠੀਕ ਜਾਂਚ ਨਾ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ |