
ਲੋਕਾਂ ਦੇ ਕੱਪੜੇ ਸਿਓਂ ਕੇ ਨਿਰਮਤ ਕੱਢਦੀ ਸੀ ਪੜ੍ਹਾਈ ਦਾ ਖਰਚਾ
ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ/ਗੁਰਦੇਵ ਸਿੰਘ) : ਅੱਜ ਦੇ ਪੰਜਾਬ ਵਿਚ ਅਜੇ ਵੀ ਬਹੁਤ ਸਾਰੇ ਇਲਾਕੇ ਅਜਿਹੇ ਹਨ ਜੋ ਪਛੜੇ ਹੋਏ ਇਲਾਕਿਆਂ ਦੀ ਸੂਚੀ ਵਿੱਚ ਆਉਂਦੇ ਹਨ, ਮਾਲਵੇ ਦਾ ਇਤਿਹਾਸਕ ਸ਼ਹਿਰ ਮੁਕਤਸਰ ਸਾਹਿਬ ਵੀ ਇਸ ਸ਼ੇ੍ਰਣੀ ਵਿਚ ਗਿਣਿਆ ਜਾਂਦਾ ਹੈ। ਹੁਣ ਇਸ ਇਲਾਕੇ ਨਾਲ ਸਬੰਧਤ ਸਾਡੇ ਨੌਜਵਾਨ ਬੱਚੇ ਵੱਖ-ਵੱਖ ਖੇਤਰਾਂ ਵਿਚ ਮਾਰਕੇ ਮਾਰਦੇ ਵਿਖਾਈ ਦੇਣ ਲੱਗੇ ਹਨ। ਕੁੱਝ ਦਿਨ ਪਹਿਲਾਂ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਭੁੱਲਰ ਦਾ ਨੌਜਵਾਨ ਜਸਪਿੰਦਰ ਸਿੰਘ ਯੂ.ਪੀ.ਐਸ.ਸੀ. ਦੀ ਪ੍ਰਖਿਆ ਵਿਚ 33ਵਾਂ ਸਥਾਨ ਪ੍ਰਾਪਤ ਕਰ ਕੇ ਆਈ.ਏ.ਐਸ. ਅਫ਼ਸਰ ਬਣਨ ਵਿਚ ਸਫ਼ਲ ਰਿਹਾ।
Panjab University
ਹੁਣ ਪਿੰਡ ਭਾਗਸਰ ਦੀ ਵਸਨੀਕ ਅਤੇ ਖਾਲਸਾਈ ਵਿਚਾਰਾਂ ਦੀ ਧਾਰਨੀ ਨਿਰਮਤ ਕੌਰ ਸਪੁੱਤਰੀ ਸ. ਗਰਬਿੰਦਰ ਸਿੰਘ ਨੇ ਐਮ.ਏ. ਪੰਜਾਬੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਨਿਰਮਤ ਕੌਰ ਦਾ ਸ਼ੌਕ ਗਜ਼ਲਾਂ ਲਿਖਣਾ ਹੈ। ਜ਼ਿਕਰਯੋਗ ਹੈ ਕਿ ਨਿਰਮਤ ਕੌਰ ਨੇ ਛੇਵੀਂ ਤੋਂ ਦਸਵੀਂ ਤਕ ਦੀ ਪੜ੍ਹਾਈ ਸਰਕਾਰੀ ਮਾਡਲ ਸਕੂਲ ‘ਪਿੰਡ ਭਾਗਸਰ’ ਤੋਂ ਕਰਨ ਉਪਰੰਤ 12ਵੀਂ ਜਮਾਤ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਪਾਸ ਕੀਤੀ। ਉਸ ਨੇ ਬੀ.ਏ. ਵੀ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ।
Panjab University
ਇਸ ਤੋਂ ਬਾਅਦ ਐਮ.ਏ. ਪੰਜਾਬੀ ਵਿਚ ਕਰਨ ਲਈ ਅਪਣੀ ਪੜ੍ਹਾਈ ਜਾਰੀ ਰੱਖੀ ਅਤੇ ਗੁਰੂ ਨਾਨਕ ਕਾਲਜ ਵਿਚ ਹੀ ਦਾਖ਼ਲਾ ਲਿਆ, ਜਿਥੇ ਕਾਲਜ ਦੀ ਪਿੰਸੀਪਲ ਦੀਆਂ ਉ ੱਚ ਪੱਧਰੀ ਵਿਦਿਅਕ ਨੀਤੀਆਂ ਅਤੇ ਸਖਤ ਮਿਹਨਤ ਸਦਕਾ ਨਿਰਮਤ ਕੌਰ ਨੂੰ ਐਮ.ਏ. ਪੰਜਾਬੀ ਵਿੱਚ ਪੰਜਾਬ ਯੂਨੀਵਰਸਿਟੀ ਦੀ ਟਾਪਰ ਹੋਣ ਦਾ ਮਾਣ ਪ੍ਰਾਪਤ ਹੋਇਆ। ਉਸ ਨੇ 393/400 ਪ੍ਰਾਪਤ ਕਰਕੇ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਨਿਰਮਤ ਕੌਰ ਦੇ ਪਿਤਾ ਗਰਬਿੰਦਰ ਸਿੰਘ ਨੇ ਦੱਸਿਆ ਕਿ ਉਹ ਘਰ ਦਾ ਰੋਜਾਨਾਂ ਦਾ ਕੰਮ-ਕਾਰ ਵੀ ਕਰਦੀ ਹੈ, ਆਪਣੀ ਪੜ੍ਹਾਈ ਲਈ ਅੱਧ-ਪਚੱਧਾ ਖਰਚਾ ਵੀ ਲੋਕਾਂ ਦੇ ਕਪੜੇ ਸਿਓਂ ਕੇ ਕਰ ਲੈਂਦੀ ਹੈ ਅਤੇ ਨਾ ਹੀ ਕੋਈ ਟਿਊਸ਼ਨ ਰੱਖੀ ਹੈ। ਹੁਣ ਅੱਗੇ ਉਹ ਪੀ.ਐਚ.ਡੀ. ਕਰਨ ਦੀ ਚਾਹਵਾਨ ਹੈ, ਰੱਬ ਉਸ ਨੂੰ ਇਸੇ ਤਰ੍ਹਾਂ ਸਫਲਤਾ ਬਖਸ਼ੇ।
ਅਜਿਹੇ ਵਿਦਿਆਰਥੀ ਦੂਸਰਿਆਂ ਲਈ ਵੀ ਬਣਦੇ ਹਨ ਚਾਨਣ-ਮੁਨਾਰੇ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ
ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਨਿਰਮਤ ਕੌਰ ਤੇ ਉਸ ਦੇ ਸਮੂਹ ਪ੍ਰੀਵਾਰ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਵਿਦਿਆਰਥੀ ਜਿਥੇ ਸਮਾਜ ਵਿੱਚ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਦੇ ਹਨ ਉਥੇ ਉਹ ਦੂਸਰਿਆਂ ਲਈ ਵੀ ਚਾਨਣ-ਮੁਨਾਰੇ ਦਾ ਕੰਮ ਕਰਦੇ ਹਨ।
ਜਿਸ ਘਰ ਵਿੱਚ ਐਜੂਕੇਸ਼ਨ ਆ ਜਾਂਦੀ ਹੈ ਉਸ ਘਰ ਦੀ ਤਰੱਕੀ ਨੂੰ ਫਿਰ ਕੋਈ ਵੀ ਰੋਕ ਨਹੀਂ ਸਕਦਾ। ਮੈਂ ਨਿਰਮਤ ਕੌਰ ਦੇ ਉਜਵਲ ਭਵਿਖ ਦੀ ਕਾਮਨਾਂ ਕਰਦੀ ਹੋਈ ਸਮੂਹ ਵਿਦਿਆਰਥੀ ਵਰਗ ਨੂੰ ਅਪੀਲ ਕਰਦੀ ਹਾਂ ਕਿ ਉਹ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਰਹਿਣ ਅਤੇ ਡਸਿਪਲਨ ਵਿੱਚ ਰਹਿੰਦਿਆਂ, ਸਖਤ ਮਿਹਨਤ ਕਰਕੇ ਆਪਣੇ ਖੇਤਰ ਵਿੱਚ ਮੱਲਾਂ ਮਾਰਨ।