ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ,ਸਾਬਕਾ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਰਹੇ ਮੌਜੂਦ
Jalandhar West bypoll : ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਨੇ ਬਸਤੀ ਇਲਾਕੇ ਤੋਂ ਸ਼ਾਨਦਾਰ ਰੋਡ ਸ਼ੋਅ ਕੱਢਿਆ। ਰਿਟਰਨਿੰਗ ਅਫਸਰ ਅਲਕਾ ਕਾਲੀਆ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦਾ ਨਾਮਜ਼ਦਗੀ ਪੱਤਰ ਫੜਿਆ ਹੈ।
ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸਾਬਕਾ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਕੇਜੀ ਭੰਡਾਰੀ, ਮਨੋਰੰਜਨ ਕਾਲੀਆ ਸਮੇਤ ਵੱਖ-ਵੱਖ ਸੀਨੀਅਰ ਆਗੂ ਰੋਡ ਸ਼ੋਅ ਵਿੱਚ ਪੁੱਜੇ। ਇਸ ਮੌਕੇ ਸ਼ੀਤਲ ਅੰਗੁਰਾਲ ਦੇ ਸਮਰਥਕ ਵੱਡੀ ਗਿਣਤੀ 'ਚ ਮੌਜੂਦ ਸਨ।
ਨਾਮਜ਼ਦਗੀ ਦਾਖ਼ਲ ਕਰਨ ਜਾ ਰਹੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ- ਪੱਛਮੀ ਹਲਕੇ ਦਾ ਭਵਿੱਖ ਹੁਣ ਤੁਹਾਡੇ ਹੱਥਾਂ ਵਿੱਚ ਹੈ। ਕਿਹੜੀ ਸਰਕਾਰ ਦੀ ਲੋੜ ਹੈ, ਜਿਸ ਨੇ ਅੱਜ ਤੱਕ ਪੰਜਾਬ ਲਈ ਕੁਝ ਕੀਤਾ ਜਾਂ ਫ਼ਿਰ ਜਿਨ੍ਹਾਂ ਨੇ ਪਿਛਲੇ ਦਸ ਸਾਲਾਂ ਵਿੱਚ ਭਾਰਤ ਦਾ ਨਾਂ ਚਮਕਾਇਆ ਹੈ।
ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਹੋ ਰਹੀ ਹੈ ਉਪ ਚੋਣ
ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਭਾਜਪਾ 'ਚ ਸ਼ਾਮਲ ਹੋਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ 29 ਮਈ ਨੂੰ ਅੰਗੁਰਾਲ ਨੇ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਅੰਗੁਰਲ ਨੇ 30 ਮਈ ਨੂੰ ਅਸਤੀਫਾ ਵਾਪਸ ਲੈਣ ਲਈ ਸਪੀਕਰ ਨੂੰ ਪੱਤਰ ਲਿਖਿਆ ਸੀ।
3 ਜੂਨ ਨੂੰ ਸਪੀਕਰ ਨੇ ਅੰਗੁਰਲ ਨੂੰ ਉਨ੍ਹਾਂ ਦੇ ਅਸਤੀਫੇ 'ਤੇ ਚਰਚਾ ਕਰਨ ਲਈ ਬੁਲਾਇਆ ਸੀ ਪਰ 30 ਮਈ ਨੂੰ ਅੰਗੁਰਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ। ਇਸ 'ਤੇ ਅੰਗੁਰਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਦੀ ਗੱਲ ਕਹੀ ਸੀ।
ਦਿਲਚਸਪ ਗੱਲ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਭਗਤ ਅਤੇ ਅੰਗੁਰਾਲ ਚੋਣ ਮੈਦਾਨ ਵਿੱਚ ਸਨ। ਉਦੋਂ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਅਤੇ ਅੰਗੁਰਾਲ ‘ਆਪ’ ਦੇ ਉਮੀਦਵਾਰ ਸਨ। ਇਸ ਵਾਰ ਉਲਟਾ ਹੋ ਗਿਆ ਹੈ। ਹੁਣ ਭਗਤ 'ਆਪ' ਦੇ ਉਮੀਦਵਾਰ ਹਨ ਜਦਕਿ ਅੰਗੁਰਾਲ ਭਾਜਪਾ ਦੇ ਉਮੀਦਵਾਰ ਹਨ।