
ਪਿਛਲੇ ਸਾਢੇ ਤਿੰਨ ਸਾਲ ਤੋਂ ਇਨਸਾਫ਼ ਲਈ ਭੜਕ ਰਹੇ ਮੋੜ ਬੰਬ ਕਾਂਡ ਦੇ ਪੀੜਤਾਂ ਦੇ ਹੱਕ 'ਚ ਹਾਅ ਦਾ ਨਾਅਰਾ
ਬਠਿੰਡਾ, 19 ਜੁਲਾਈ (ਸੁਖਜਿੰਦਰ ਮਾਨ) : ਪਿਛਲੇ ਸਾਢੇ ਤਿੰਨ ਸਾਲ ਤੋਂ ਇਨਸਾਫ਼ ਲਈ ਭੜਕ ਰਹੇ ਮੋੜ ਬੰਬ ਕਾਂਡ ਦੇ ਪੀੜਤਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦਿਆਂ ਮੋੜ ਹਲਕੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੱਚ ਸਾਹਮਣੇ ਲਿਆਉਣ ਲਈ ਡੇਰਾ ਪ੍ਰਬੰਧਕਾਂ ਨੂੰ ਜਾਂਚ 'ਚ ਸ਼ਾਮਲ ਕਰ ਕੇ ਪੁੱਛ ਪੜਤਾਲ ਕੀਤੀ ਜਾਵੇ।
ਅੱਜ ਸਥਾਨਕ ਸਰਕਟ ਹਾਊਸ 'ਚ ਸੱਦੀ ਇਕ ਪ੍ਰੱੈਸ ਕਾਨਫ਼ਰੰਸ ਦੌਰਾਨ ਵਿਧਾਇਕ ਕਮਾਲੂ ਨੇ ਦਾਅਵਾ ਕੀਤਾ ਕਿ 31 ਜਨਵਰੀ 2017 ਨੂੰ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਦੋ ਦਿਨ ਪਹਿਲਾਂ ਹੋਏ ਇਸ ਧਮਾਕੇ ਵਿਚ ਪੰਜ ਮਾਸੂਮ ਬੱਚਿਆਂ ਸਮੇਤ ਸੱਤ ਜਣਿਆਂ ਦੀ ਜਾਨ ਜਾਣ ਦੇ ਬਾਵਜੂਦ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸਰਕਾਰ ਦੇ ਢਿੱਲਮੱਠ ਵਾਲੇ ਰਵਈਏ ਤੋਂ ਲਗਦਾ ਹੈ ਕਿ ਇਹ ਕਾਂਡ ਸਿਆਸੀ ਲਾਹਾ ਲੈਣ ਲਈ ਕਰਵਾਇਆ ਗਿਆ ਸੀ।
File Photo
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੀੜਤ ਪਰਵਾਰਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ਦੇ ਜ਼ਖ਼ਮਾਂ ਉਪਰ ਲੂਣ ਛਿੜਕ ਰਹੀ ਹੈ। ਉਨ੍ਹਾਂ ਸਵਾਲ ਖ਼ੜੇ ਕਰਦਿਆਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੁਆਪਾ ਵਰਗੇ ਕਾਨੂੰਨ ਤਹਿਤ ਮਿੰਟਾਂ-ਸਕਿੰਟਾਂ ਵਿਚ ਨੌਜਵਾਨਾਂ ਨੂੰ ਖ਼ਾਲਿਸਤਾਨੀ ਸਮਰਥਕਾਂ ਨਾਲ ਜੋੜ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਪਰ ਮੋੜ ਬੰਬ ਕਾਂਡ 'ਚ ਸ਼ੱਕ ਦੀ ਸੂਈ ਸਪੱਸ਼ਟ ਤੌਰ 'ਤੇ ਡੇਰਾ ਸਿਰਸਾ ਵਲ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਜੁਆਪਾ ਕਾਨੂੰਨ ਨੂੰ ਦਲਿਤਾਂ ਤੇ ਨੌਜਵਾਨ ਵਰਗ ਨੂੰ ਡਰਾਉਣ ਲਈ ਵਰਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਦੀ ਅਪਣੀ ਕਾਰਗੁਜ਼ਾਰੀ ਪਿਛਲੇ ਸਾਢੇ ਤਿੰਨ ਸਾਲ ਤੋਂ ਜ਼ੀਰੋ ਹੈ ਤੇ ਅਜਿਹੇ ਹਾਲਾਤਾਂ ਵਿਚ ਕੈਪਟਨ ਨਹੀਂ ਚਾਹੁੰਦੇ ਕਿ ਸੂਬੇ 'ਚ ਵਧ ਰਹੀ ਬੇਰੋਜ਼ਗਾਰੀ, ਭ੍ਰਿਸਟਾਚਾਰ ਅਤੇ ਕਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਵਿਰੁਧ ਕੋਈ ਅਵਾਜ਼ ਚੁੱਕੇ। ਉਨ੍ਹਾਂ ਕੁੱਝ ਵਿਦੇਸ਼ੀ ਸਿੱਖਾਂ ਵਲੋਂ ਰੈਫ਼ਰੰਡਮ 2020 ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਇਸ ਦੇ ਪੱਖ ਵਿਚ ਨਹੀਂ ਪਰ ਉਹ ਪੰਜਾਬ ਨੂੰ ਵੱਧ ਅਧਿਕਾਰਾਂ ਦੇ ਹਾਮੀ ਹਨ। ਇਸ ਦੌਰਾਨ ਉਨ੍ਹਾਂ ਮੋਦੀ ਦੀ ਵਿਦੇਸ਼ ਨੀਤੀ ਉਪਰ ਵੀ ਉਂਗਲ ਚੁੱਕੀ। ਇਸ ਮੌਕੇ ਮੁਖਤਿਆਰ ਸਿੰਘ ਵੀ ਹਾਜ਼ਰ ਸਨ।