
ਸਾਬਕਾ ਡੀਜੀਪੀ ਸ਼ਸ਼ੀਕਾਂਤ ਦੇ ਪੁਰਾਣੇ ਪ੍ਰੈਸ ਬਿਆਨ ਨੇ ਅਕਾਲੀ ਲੀਡਰਾਂ ਨੂੰ ਕਟਹਿਰੇ ਵਿਚ ਲਿਆ ਖੜਾ ਕੀਤਾ
ਚੰਡੀਗੜ੍ਹ, 19 ਜੁਲਾਈ (ਨੀਲ ਭਲਿੰਦਰ ਸਿੰਘ): ਅੱਜਕਲ ਸੌਦਾ ਸਾਧ ਦੀ ਉਸ ਪੌਸ਼ਾਕ ਦਾ ਮੁੱਦਾ ਕਾਫ਼ੀ ਗਰਮਾਇਆ ਹੋਇਐ, ਜਿਸ ਨੂੰ ਪਹਿਨ ਕੇ ਉਸ ਨੇ ਦਸਮ ਪਿਤਾ ਦਾ ਸਵਾਂਗ ਰਚਾਇਆ ਸੀ। ਸੌਦਾ ਸਾਧ ਕੋਲ ਇਹ ਪੌਸ਼ਾਕ ਕਿਥੋਂ ਆਈ ਤੇ ਕਿਸ ਨੇ ਦਿਤੀ, ਇਸ ਨੂੰ ਲੈ ਕੇ ਕਈ ਭੇਤ ਸਾਹਮਣੇ ਆ ਰਹੇ ਹਨ। ਪਿਛਲੇ ਦਿਨੀਂ ਵੀਰਪਾਲ ਇੰਸਾਂ ਨਾਂ ਦੀ ਇਕ ਡੇਰਾ ਸਮਰਥਕ ਨੇ ਇਸ ਪੌਸ਼ਾਕ ਨੂੰ ਲੈ ਕੇ ਦਾਅਵਾ ਕੀਤਾ ਸੀ ਕਿ ਉਸ ਨੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਤੋਂ ਸੁਣਿਐ ਕਿ ਰਾਮ ਰਹੀਮ ਨੂੰ ਇਹ ਪੌਸ਼ਾਕ ਅਕਾਲੀ ਲੀਡਰਸ਼ਿਪ ਵਲੋਂ ਦਿਤੀ ਗਈ ਸੀ।
ਦੂਜੇ ਪਾਸੇ ਡੀਜੀਪੀ ਸ਼ਸ਼ੀਕਾਂਤ ਸਾਫ਼ ਇਨਕਾਰ ਕਰਦਿਆਂ ਆਖ ਚੁੱਕੇ ਹਨ ਕਿ ਉਨ੍ਹਾਂ ਨੇ ਅਜਿਹਾ ਕੋਈ ਬਿਆਨ ਨਹੀਂ ਦਿਤਾ। ਪਰ ਹੁਣ ਸ਼ਸ਼ੀਕਾਂਤ ਦੀ ਇਕ ਪੁਰਾਣੀ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਉਹ ਇਸ ਗੱਲ ਦਾ ਸਾਫ਼ ਸੰਕੇਤ ਦੇ ਰਹੇ ਹਨ ਕਿ ਉਸ ਸਮੇਂ ਜੋ ਕੁੱਝ ਵੀ ਪ੍ਰੇਮੀਆਂ ਅਤੇ ਸਿੱਖਾਂ ਵਿਚਾਲੇ ਵਾਪਰਿਆ ਸੀ, ਉਹ ਸਾਰਾ ਕੁੱਝ ਇਕ ਸਿਆਸੀ ਸਾਜ਼ਸ਼ ਦਾ ਹਿੱਸਾ ਸੀ।
ਉਨ੍ਹਾਂ ਨੇ ਇਸ ਦਾ ਇਸ਼ਾਰਾ ਸਾਫ਼ ਤੌਰ 'ਤੇ ਉਸ ਸਮੇਂ ਦੀ ਅਕਾਲੀ ਸਰਕਾਰ ਵੱਲ ਕੀਤਾ ਹੈ, ਜਿਸ ਵਲੋਂ ਵੋਟਾਂ ਦੀ ਖ਼ਾਤਰ ਇਹ ਸਾਜ਼ਸ਼ ਰਚੀ ਗਈ ਸੀ। ਡੀਜੀਪੀ ਇੰਟੈਲੀਜੈਂਸ ਹੋਣ ਕਾਰਨ ਉਹ ਸਰਕਾਰ ਦੇ ਇਨ੍ਹਾਂ ਸਾਰੇ ਭੇਤਾਂ ਤੋਂ ਜਾਣੂ ਸਨ ਅਤੇ ਉਨ੍ਹਾਂ ਨੇ ਇਸ 'ਤੇ ਕਿੰਤੂ-ਪ੍ਰੰਤੂ ਵੀ ਕੀਤਾ ਸੀ। ਅੱਜ ਉਹ ਉਸ ਸਮੇਂ ਵਾਪਰੀਆਂ ਘਟਨਾਵਾਂ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਪੇਸ਼ ਹਨ ਵੀਡੀਉ ਦੇ ਕੁੱਝ ਅੰਸ਼ :
ਪੰਜਾਬ ਦੀ ਸਿਆਸਤ 'ਚ ਆ ਚੁੱਕੀ ਗਿਰਾਵਟ ਦਾ ਜ਼ਿਕਰ ਕਰਦਿਆਂ ਡੀਜੀਪੀ ਸ਼ਸ਼ੀਕਾਂਤ ਕਹਿੰਦੇ ਹਨ, ''ਸਾਲ 2007 ਵਿਚ ਜਦੋਂ ਮੈਂ ਏਡੀਜੀ ਇੰਟੈਂਲੀਜੈਂਸ ਸੀ ਤਾਂ ਉਸ ਸਮੇਂ ਸਰਕਾਰ ਬਣਨ ਤੋਂ ਬਾਅਦ ਜਿਹੜਾ ਪਹਿਲਾ ਕੰਮ ਮੈਨੂੰ ਸਰਕਾਰ ਦੀ ਤਰਫ਼ੋਂ ਸ. ਸੁਖਬੀਰ ਸਿੰਘ ਬਾਦਲ ਜੀ ਵਲੋਂ ਸੌਂਪਿਆ ਗਿਆ ਸੀ, ਉਹ ਇਹ ਸੀ ਕਿ ਜਿੰਨੇ ਵੀ ਡੇਰਾ ਪ੍ਰੇਮੀ ਹਨ, ਉਨ੍ਹਾਂ ਸਾਰਿਆਂ ਦੀ ਮੈਪਿੰਗ ਕੀਤੀ ਜਾਵੇ ਅਰਥਾਤ ਪੂਰੇ ਵੇਰਵੇ ਸਮਾਂ ਲਿਸਟਾਂ ਤਿਆਰ ਕੀਤੀਆਂ ਜਾਣ। ਉਹ ਲਿਸਟਾਂ ਬਣਾਈਆਂ ਗਈਆਂ ਜੋ ਇਕ ਮੋਟੇ ਬੰਡਲ ਦੇ ਰੂਪ ਵਿਚ ਸਨ ਜੋ ਉਨ੍ਹਾਂ ਨੂੰ ਦਿਤਾ ਗਿਆ ਸੀ।''
ਉਸ ਸਮੇਂ ਡੇਰਾ ਸਿਰਸਾ ਅਤੇ ਸਿੱਖ ਪੰਥ ਵਿਚਾਲੇ ਵਾਪਰੀਆਂ ਸਾਰੀਆਂ ਘਟਨਾਵਾਂ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੰਦਿਆਂ ਉਹ ਕਹਿੰਦੇ ਹਨ, ''ਉਸ ਸਮੇਂ ਡੇਰਾ ਸਿਰਸਾ ਅਤੇ ਸਿੱਖਾਂ ਵਿਚਾਲੇ ਜੋ ਕੁੱਝ ਵੀ ਵਾਪਰਿਆ, ਉਹ ਸਾਰਾ ਕੁੱਝ ਇਕ ਸਾਜ਼ਸ਼ ਤਹਿਤ ਕਰਵਾਇਆ ਗਿਆ ਸੀ। ਇਹ ਸਾਰਾ ਕੁੱਝ ਵੋਟਾਂ ਹਾਸਲ ਕਰਨ ਖ਼ਾਤਰ ਕੀਤਾ ਗਿਆ ਸੀ।''
File Photo
ਇਕ ਸਵਾਲ ਦੇ ਜਵਾਬ ਵਿਚ ਉਹ ਕਹਿੰਦੇ ਹਨ, ''ਉਸ ਸਮੇਂ ਜੋ ਵੀ ਘਟਨਾਕ੍ਰਮ ਹੋਇਆ ਸੀ, ਚਾਹੇ ਉਹ ਪੋਸ਼ਾਕ ਭੇਜਣ ਵਾਲਾ ਹੋਵੇ ਜਾਂ ਉਸ ਦੀਆਂ ਤਸਵੀਰਾਂ ਲੈ ਕੇ ਭੇਜਣ ਸਬੰਧੀ, ਜੋ ਵੀ ਘਟਨਾਕ੍ਰਮ ਵਾਪਰਿਆ ਮੈਨੂੰ ਏਡੀਜੀ ਹੈੱਡ ਆਫ਼ ਇੰਟੈਲੀਜੈਂਸ ਹੋਣ ਦੇ ਨਾਤੇ ਸੱਭ ਪਤਾ ਸੀ। ਉਸ ਤੋਂ ਬਾਅਦ ਜਿਸ ਤਰ੍ਹਾਂ ਦੋਵਾਂ ਗਰੁਪਾਂ, ਚਾਹੇ ਉਹ ਸਿੱਖ ਧਰਮ ਵਾਲੇ ਹੋਣ ਜਾਂ ਡੇਰਾ ਸਿਰਸਾ ਦੇ ਪੈਰੋਕਾਰ, ਦੋਵਾਂ ਧਿਰਾਂ ਨੂੰ ਕਿਸ ਤਰ੍ਹਾਂ ਉਕਸਾ ਕੇ ਦੋਹਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਵੀ ਇਕ ਸਿਆਸੀ ਸਾਜ਼ਸ਼ ਦਾ ਹਿੱਸਾ ਸੀ। ਇਹ ਇਕ ਸੋਚੀ ਸਮਝੀ ਸਿਆਸੀ ਚਾਲ ਸੀ। ਉਸ ਚਾਲ 'ਚ ਲਗਦਾ ਹੈ ਕਿ ਉਹ ਸਫ਼ਲ ਵੀ ਹੋ ਗਏ ਹੋਣ ਜਾਂ ਉਨ੍ਹਾਂ ਨੂੰ ਸਮਰਥਨ ਮਿਲ ਗਿਆ ਹੋਵੇ।
ਇਹੋ ਜਿਹੀ ਕਿਹੜੀ ਗੱਲ ਹੈ ਜਿਸ ਲਈ ਤੁਹਾਡੀ ਅੰਤਰ ਆਤਮਾ ਤੁਹਾਨੂੰ ਝੰਜੋੜਦੀ ਹੈ? ਦੇ ਜਵਾਬ ਵਿਚ ਉਹ ਕਹਿੰਦੇ ਹਨ, ''ਜੀ ਹਾਂ, ਉਹ ਗੱਲ ਇਹ ਹੈ ਕਿ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ ਕਿ ਇਕ ਵਾਰ ਔਰਬਿਟ ਦੀ ਬੱਸ ਰੋਕੀ ਗਈ ਸੀ। ਮੈਨੂੰ ਕਿਹਾ ਗਿਆ ਕਿ ਜਿਸ ਨੇ ਵੀ ਬੱਸ ਰੋਕੀ ਹੈ, ਉਸ 'ਤੇ ਅਫ਼ੀਮ ਪਾ ਦਿਉ। ਮੈਂ ਅਜਿਹਾ ਨਹੀਂ ਕੀਤਾ। ਇਸ ਘਟਨਾ ਤੋਂ ਬਾਅਦ ਮੇਰੇ ਮਨ ਅੰਦਰ ਉਨ੍ਹਾਂ ਲਈ ਆਦਰ ਘਟਣਾ ਸ਼ੁਰੂ ਗਿਆ।
ਉਸ ਤੋਂ ਬਾਅਦ ਜੋ ਵੀ ਸਿਆਸੀ ਘਟਨਾਕ੍ਰਮ, ਜੋ ਸੈਕਟਰ-2 ਜਾਂ ਸੈਕਟਰ-9 'ਚ ਹੁੰਦਾ ਸੀ ਜਿਸ 'ਚ ਏਡੀਜੀ ਇੰਟੈਂਲੀਜੈਂਸ ਹੋਣ ਦੇ ਨਾਤੇ ਮੈਨੂੰ ਅਪਣਾ ਇਨਪੁਟ ਦੇਣਾ ਪੈਂਦਾ ਸੀ। ਇਸ ਤੋਂ ਬਾਅਦ ਜੋ ਕੁੱਝ ਵੀ ਹੋਇਆ, ਉਸ ਦਾ ਮੈਨੂੰ ਉਸ ਸਮੇਂ ਦੁੱਖ ਸੀ ਅਤੇ ਅੱਜ ਵੀ ਹੈ। ਉਸ ਸਮੇਂ ਜੋ ਕੁੱਝ ਵੀ ਹੋਇਆ, ਚਾਹੇ ਉਹ ਡੇਰਾ ਸਿਰਸਾ ਦੇ ਮਾਮਲੇ 'ਚ ਹੋਵੇ, ਜਾਂ ਦੋ ਧੜਿਆਂ ਨੂੰ ਆਪਸ ਵਿਚ ਲੜਾਉਣ ਦੀਆਂ ਸਿਆਸੀ ਘਟਨਾਵਾਂ, ਖ਼ਾਸ ਕਰ ਕੇ 2007 ਦੀ ਲਿਸਟ, ਜਿਸ ਬਾਰੇ ਮੈਨੂੰ ਪਹਿਲੀ ਵਾਰ ਝਾੜ ਪਈ ਸੀ, ''ਇਸ ਤਰ੍ਹਾਂ ਲਿਸਟਾਂ ਨਹੀਂ ਬਣਾਈਆਂ ਜਾਂਦੀਆਂ, ਜੇਕਰ ਕੁੱਝ ਹੋ ਜਾਵੇ ਤਾਂ ਆ ਕੇ ਨਿਜੀ ਤੌਰ ਤੇ ਦਸਿਆ ਜਾਂਦੈ''।
File Photo
ਇਸ ਤੋਂ ਬਾਅਦ ਉਨ੍ਹਾਂ ਬੰਦਿਆਂ ਨਾਲ ਗੱਲ ਕਰਨ ਤੋਂ ਬਾਅਦ ਵੀ ਉਨ੍ਹਾਂ 'ਤੇ ਕੋਈ ਐਕਸ਼ਨ ਨਹੀਂ ਹੋਇਆ। ਇਸੇ ਤਰ੍ਹਾਂ ਨਸ਼ਿਆਂ ਦਾ ਵਪਾਰ, ਜੋ ਲਗਾਤਾਰ ਸਿਆਸੀ ਸਰਪ੍ਰਸਤੀ ਹੇਠ ਚਲਦਾ ਰਿਹਾ ਸੀ। ਇਸ ਵਿਚ ਲਗਭਗ ਸਾਰੀਆਂ ਸਿਆਸੀ ਧਿਰਾਂ ਦੇ ਲੋਕ ਜਿਨ੍ਹਾਂ 'ਚ ਅਕਾਲੀਆਂ ਤੋਂ ਇਲਾਵਾ ਕਾਂਗਰਸੀ, ਬੀਜੇਪੀ ਵਾਲੇ ਅਤੇ ਕੁੱਝ ਪੁਲਿਸ ਅਫ਼ਸਰ, ਕੁੱਝ ਐਨਜੀਓਜ਼ ਵੀ ਸ਼ਾਮਲ ਹਨ। ਲਾਲ ਬੱਤੀ ਵਾਲੀਆਂ ਗੱਡੀਆਂ 'ਚ ਨਸ਼ਾ ਸਪਲਾਈ ਹੁੰਦਾ ਸੀ। ਇਸ ਬਾਰੇ ਕੁਦਰਤੀ ਤੌਰ 'ਤੇ ਕਿਉਂਕਿ ਮੈਂ ਹੈਡ ਆਫ਼ ਇੰਟੈਲੀਜੈਂਸ ਸੀ, ਮੈਨੂੰ ਪਤਾ ਸੀ, ਮੇਰੇ ਨੋਟਿਸ 'ਚ ਆਉਂਦਾ ਸੀ। ਇਸ ਕਾਰਨ ਮੈਨੂੰ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਪੰਜਾਬ ਵਿਚ ਜਿੰਨੇ ਨੌਜਵਾਨਾਂ ਨੇ 2007 ਤੋਂ ਲੈ ਕੇ ਅੱਜ ਤਕ ਜੋ ਜਾਨਾਂ ਗੁਆਈਆਂ ਹਨ, ਸ਼ਾਇਦ ਕਿਸੇ ਹੱਦ ਤਕ ਇਸ ਲਈ ਮੈਂ ਵੀ ਜ਼ਿੰਮੇਵਾਰ ਹਾਂ।