ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਵਲੋਂ ਰਾਹਤ, ਗਿ੍ਰਫ਼ਤਾਰੀ ’ਤੇ ਲਾਈ ਰੋਕ
ਨਵੀਂ ਦਿੱਲੀ, 19 ਜੁਲਾਈ : ਪੈਗ਼ੰਬਰ ’ਤੇ ਟਿਪਣੀ ਨਾਲ ਸਬੰਧਿਤ ਵਿਵਾਦ ਨੂੰ ਲੈ ਕੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਮੁਅੱਤਲ ਭਾਜਪਾ ਬੁਲਾਰਣ ਨੂਪੁਰ ਸ਼ਰਮਾ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਇਸ ਦੌਰਾਨ ਨੂਪੁਰ ਸ਼ਰਮਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਉਸਨੂੰ ਅੰਤਰਿਮ ਰਾਹਤ ਦਿਤੀ ਹੈ। ਨੂਪੁਰ ਸ਼ਰਮਾ ਦੀ ਗਿ੍ਰਫ਼ਤਾਰੀ ’ਤੇ 10 ਅਗੱਸਤ ਤਕ ਰੋਕ ਲੱਗਾ ਦਿਤੀ ਗਈ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਨੂਪੁਰ ਸ਼ਰਮਾ ਨੂੰ ਪੈਗ਼ੰਬਰ ਮੁਹੰਮਦ ’ਤੇ ਕੀਤੀ ਗਈ ਟਿਪਣੀ ਨੂੰ ਲੈ ਕੇ ਕਈ ਸੂਬਿਆਂ ’ਚ ਉਨ੍ਹਾਂ ਖ਼ਿਲਾਫ਼ ਦਰਜ ਐਫ਼.ਆਈ.ਆਰ./ਸ਼ਿਕਾਇਤਾਂ ਦੇ ਸਬੰਧ ’ਚ ਦੰਡਕਾਰੀ ਕਾਰਵਾਈ ਤੋਂ ਸੁਰੱਖਿਆ ਪ੍ਰਦਾਨ ਕੀਤੀ।
ਜੱਜ ਸੂਰੀਆਕਾਂਤ ਅਤੇ ਜੱਜ ਜੇ.ਬੀ. ਪਰਦੀਵਾਲਾ ਦੀ ਬੈਂਚ ਨੇ ਅਪਣੇ ਇਕ ਜੁਲਾਈ ਦੇ ਆਦੇਸ਼ ਤੋਂ ਬਾਅਦ ਸ਼ਰਮਾ ਨੂੰ ਕਥਿਤ ਰੂਪ ਨਾਲ ਜਾਨ ਤੋਂ ਮਾਰਨ ਦੀ ਧਮਕੀ ’ਤੇ ਨੋਟਿਸ ਲੈਂਦੇ ਹੋਏ ਉਸ ਨੂੰ ਭਵਿੱਖ ’ਚ ਦਰਜ ਹੋ ਸਕਣ ਵਾਲੀਆਂ ਸ਼ਿਕਾਇਤਾਂ/ਐਫ਼.ਆਈ.ਆਰ. ’ਚ ਵੀ ਦੰਡਕਾਰੀ ਕਾਰਵਾਈ ਤੋਂ ਰਾਹਤ ਦੇ ਦਿਤੀ। ਮਾਮਲਾ 26 ਮਈ ਨੂੰ ਇਕ ਟੀਵੀ ਡਿਬੇਟ ਸ਼ੋਅ ਦੌਰਾਨ ਪੈਗ਼ੰਬਰ ’ਤੇ ਕਥਿਤ ਵਿਵਾਦਿਤ ਟਿਪਣੀ ਨਾਲ ਸਬੰਧਿਤ ਹੈ।
ਇਹ ਜ਼ਿਕਰ ਕਰਦੇ ਹੋਏ ਕਿ ਉੱਚ ਅਦਾਲਤ ਇਹ ਕਦੇ ਨਹੀਂ ਚਾਹੁੰਦੀ ਸੀ ਕਿ ਸ਼ਰਮਾ ਰਾਹਤ ਲਈ ਹਰ ਅਦਾਲਤ ਦਾ ਰੁਖ ਕਰੇ, ਬੈਂਚ ਨੇ ਉਸਦੀ ਪਟੀਸ਼ਨ ’ਤੇ ਕੇਂਦਰ ਅਤੇ ਦਿੱਲੀ, ਪਛਮੀ ਬੰਗਾਲ ਅਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ਨੂੰ ਨੋਟਿਸ ਜਾਰੀ ਕੀਤਾ ਅਤੇ 10 ਅਗੱਸਤ ਤਕ ਉਨ੍ਹਾਂ ਤੋਂ ਜਵਾਬ ਮੰਗਿਆ। (ਏਜੰਸੀ)