
ਆਰੋਪ - ਔਰਤਾਂ ਨੂੰ ਦੇਖ ਕੇ ਰੋਡਵੇਜ਼ ਦੇ ਡਰਾਈਵਰ ਨੇ ਭਜਾਈ ਬੱਸ , ਮਾਂ ਨੀਚੇ ਰਹਿ ਗਈ ਸੀ
Khanna News : ਖੰਨਾ 'ਚ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਮਹਿਲਾ ਸਵਾਰੀਆਂ ਨੂੰ ਦੇਖ ਕੇ ਬੱਸ ਰੋਕਣ ਦੀ ਬਜਾਏ ਭਜਾ ਲਈ। ਬੱਸ 'ਚ ਸਫਰ ਕਰ ਰਹੀ ਲੜਕੀ ਦਾ ਪਰਿਵਾਰ ਪਿੱਛੇ ਰਹਿ ਗਿਆ ਸੀ, ਇਸ ਲਈ 18 ਸਾਲਾ ਲੜਕੀ ਨੇ ਆਪਣੇ ਮਾਸੂਮ ਭਾਣਜੇ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਆਰਤੀ (18) ਅਤੇ ਰਾਜਵੀਰ (3) ਵਾਸੀ ਗਿਆਸਪੁਰਾ (ਲੁਧਿਆਣਾ) ਵਜੋਂ ਹੋਈ। ਆਰਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ।
ਖਾਟੂ ਸ਼ਿਆਮ ਧਾਮ ਆਇਆ ਸੀ ਪਰਿਵਾਰ
ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰਾ ਵਿਖੇ ਰਹਿੰਦੇ ਹਨ। ਉਹ ਆਪਣੀਆਂ ਦੋ ਧੀਆਂ ਅਤੇ ਦੋਹਤੇ ਨਾਲ ਸਮਰਾਲਾ ਰੋਡ ਖੰਨਾ ਵਿਖੇ ਸਥਿਤ ਖਾਟੂ ਸ਼ਿਆਮ ਧਾਮ ਵਿਖੇ ਆਏ ਸੀ। ਇਸ ਤੋਂ ਬਾਅਦ ਉਹ ਲੁਧਿਆਣਾ ਜਾਣ ਵਾਲੀ ਸਰਕਾਰੀ ਬੱਸ ਫੜਨ ਲਈ ਖੰਨਾ ਬੱਸ ਸਟੈਂਡ ਪਹੁੰਚੇ। ਜਦੋਂ ਰੋਡਵੇਜ਼ ਦੀ ਬੱਸ ਉੱਥੇ ਪਹੁੰਚੀ ਤਾਂ ਉਸਦੀ ਛੋਟੀ ਬੇਟੀ ਆਰਤੀ ਆਪਣੇ ਭਾਣਜੇ ਰਾਜਵੀਰ ਨਾਲ ਬੱਸ ਵਿੱਚ ਸਵਾਰ ਹੋ ਗਈ।
ਇਸ ਦੌਰਾਨ ਡਰਾਈਵਰ ਬੱਸ ਭਜਾ ਕੇ ਲੈ ਗਿਆ। ਉਹ ਪਿੱਛਿਓਂ ਆਵਾਜਾਂ ਮਾਰਦੇ ਰਹੇ। ਬੱਸ ਵਿੱਚ ਸਫ਼ਰ ਕਰ ਰਹੀ ਆਰਤੀ ਨੇ ਵੀ ਬੱਸ ਰੋਕਣ ਲਈ ਰੌਲਾ ਪਾਇਆ ਪਰ ਬੱਸ ਨਹੀਂ ਰੋਕੀ ਗਈ ਕਿਉਂਕਿ ਆਰਤੀ ਕੋਲ ਹੀ ਬੈਗ ਸੀ। ਬੈਗ ਵਿੱਚ ਪੈਸੇ ਅਤੇ ਮੋਬਾਈਲ ਸੀ। ਜਿਸ ਕਾਰਨ ਆਰਤੀ ਨੇ ਆਪਣੇ ਭਾਣਜੇ ਅਤੇ ਬੈਗ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਦੇ ਛਾਲ ਮਾਰਨ ਤੋਂ ਬਾਅਦ ਵੀ ਡਰਾਈਵਰ ਅਤੇ ਕੰਡਕਟਰ ਨੇ ਬੱਸ ਨਹੀਂ ਰੋਕੀ ਅਤੇ ਭੱਜ ਗਏ। ਰਾਹਗੀਰਾਂ ਨੇ ਜ਼ਖਮੀ ਆਰਤੀ ਅਤੇ ਮਾਸੂਮ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ।
ਆਰਤੀ ਦੇ ਸਿਰ 'ਤੇ ਮੂੰਹ ਉਪਰ ਗੰਭੀਰ ਸੱਟਾਂ
ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਫਰੈਂਕੀ ਨੇ ਦੱਸਿਆ ਕਿ ਆਰਤੀ ਦੇ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਹਨ। ਜਿਸ ਕਾਰਨ ਉਸਨੂੰ ਵੱਡੇ ਹਸਪਤਾਲ ਰੈਫਰ ਕਰਨਾ ਪਿਆ। ਬੱਚੇ ਦੇ ਸਿਰ ਵਿੱਚ ਸੱਟ ਜ਼ਰੂਰ ਲੱਗੀ ਹੈ ਪਰ ਉਸਦੀ ਹਾਲਤ ਸਥਿਰ ਹੈ ਅਤੇ ਸੀਟੀ ਸਕੈਨ ਕਰਾਇਆ ਜਾ ਰਿਹਾ ਹੈ। ਸੜਕ ਹਾਦਸੇ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਵੱਲੋਂ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ।