
ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਨੇ ਜਗਦੀਸ਼ ਟਾਈਟਲਰ ਦਾ ਲਗਵਾਇਆ ਬੋਰਡ
ਅੰਮ੍ਰਿਤਸਰ, 16 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਸਾਬਕਾ ਕਾਂਗਰਸ ਮੰਤਰੀ ਦਾ ਹੋਰਡਿੰਗ ਬੋਰਡ ਅੰਮ੍ਰਿਤਸਰ ਵਿਚ ਲਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਵਲੋਂ ਕੀਤੀ ਗਈ। ਇਸ ਦਾ ਪਤਾ ਲੱਗਣ 'ਤੇ ਸਿੱਖ ਜਥੇਬੰਦੀਆਂ ਘਟਨਾ ਸਥਾਨ ਮਜੀਠਾ ਰੋਡ ਚੌਕ ਵਿਖੇ ਪੁੱਜੀਆਂ। ਜਿਨ੍ਹਾਂ ਇਕ ਦੁਕਾਨ 'ਤੇ ਲੱਗੇ ਬੋਰਡ ਨੂੰ ਉਤਾਰਿਆ ਅਤੇ ਕਾਰ ਮਗਰ ਬੰਨ੍ਹ ਕੇ ਸ਼ਹਿਰ ਦੀਆਂ ਸੜਕਾਂ 'ਤੇ ਘਸੀਟਦਿਆਂ ਕਿਹਾ ਕਿ ਉਕਤ ਕਰਮਜੀਤ ਸਿੰਘ ਗਿੱਲ ਨਾਂ ਦੇ ਵਿਅਕਤੀ ਨੂੰ ਸਿੱਖੀ ਤੋਂ ਛੇਕਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਯਾਦ ਪੱਤਰ ਦਿਤਾ ਜਾਵੇਗਾ।
ਸਿੱਖ ਜਥੇਬੰਦੀਆਂ ਦੇ ਆਗੂਆਂ ਪਰਮਜੀਤ ਸਿੰਘ ਅਕਾਲੀ ਸਿੱਖ ਯੂਥ ਪਾਵਰ ਪੰਜਾਬ, ਦਿਲਬਾਗ ਸਿੰਘ, ਗੁਰਸ਼ਰਨਜੀਤ ਸਿੰਘ, ਰਾਜਬੀਰ ਸਿੰਘ ਖ਼ਾਲਸਾ, ਪ੍ਰਮਜੀਤ ਸਿੰਘ, ਸੰਦੀਪ ਸਿੰਘ, ਗੁਰਭੇਜ ਸਿੰਘ,ਚਰਨਜੀਤ ਸਿੰਘ ਰਾਣਾ ਆਦਿ ਨੇ ਉੱਚ ਪੁਲਿਸ ਅਧਿਕਾਰੀਆਂ ਅਤੇ ਐਸ ਐਚ ਓ ਸਦਰ ਨੂੰ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਉਸ ਵਿਰੁਧ ਸਖ਼ਤ ਧਰਾਵਾਂ ਲਾ ਕੇ ਪਰਚਾ ਦਰਜ ਕੀਤਾ ਜਾਵੇ ਜਿਸ ਨੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ।
Photo
ਉਨ੍ਹਾਂ ਦੋਸ਼ ਲਾਇਆ ਕਿ ਜਗਦੀਸ਼ ਟਾਈਟਲਰ ਦਿੱਲੀ ਸਿੱਖ ਕਤੇਲਆਮ ਦਾ ਦੋਸ਼ੀ ਹੈ ਜਿਸ ਨੇ ਜਿਊਂਦੇ ਸਿੱਖਾਂÎ ਨੂੰ ਸਾੜਿਆ, ਸਿੱਖ ਔਰਤਾਂ ਤੇ ਲੜਕੀਆਂ ਬੇਪੱਤ ਕੀਤੀਆਂ ਅਤੇ ਛੋਟੇ-ਛੋਟੇ ਬੱਚਿਆਂ ਨੂੰ ਮੌਤ ਦੇ ਮੂੰਹ ਵਿਚ ਧੱਕਦਿਆਂ ਅਣ-ਮਨੁੱਖੀ ਤਸ਼ੱਦਦ ਕਰਵਾਏ। ਇਹ ਉਸ ਵੇਲੇ ਕਾਂਗਰਸ ਹਾਈ ਕਮਾਂਡ ਵਿਚ ਤਾਕਤਵਾਰ ਹੋਣ ਦੇ ਨਾਲ ਇੰਦਰਾ ਤੇ ਰਾਜੀਵ ਗਾਂਧੀ ਦਾ ਚਹੇਤਾ ਸੀ। ਉਕਤ ਕਰਮਜੀਤ ਸਿੰਘ ਪੰਜਾਬੀ ਵਿਚ ਲਿਖਵਾਏ ਬੋਰਡ ਤੇ ਵੱਡ—ਅਕਾਰੀ ਜਗਦੀਸ਼ ਟਾਈਟਲਰ ਦੀ ਤਸਵੀਰ ਨਾਲ ਅਪਣੀ ਫ਼ੋਟੋ ਲਗਵਾਈ ਹੈ ਜਿਸ ਵਿਚ ਜਨਮ ਦਿਨ ਦੀਆਂ ਵਧਾਈਆਂ ਦੇਣ ਤੋਂ ਇਲਾਵਾ ਫੁੱਲਾਂ ਦਾ ਗੁਲਦਸਤਾ ਵੀ ਲਿਖਵਾਇਆ ਗਿਆ ਹੈ।
ਰੋਹ ਵਿਚ ਆਈਆਂ ਉਕਤ ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਇਹ ਬੋਰਡ ਪੂਰੀ ਵਿਉਂਤਬੰਦੀ ਨਾਲ ਬਣਵਾਇਆ ਤੇ ਲਗਵਾਇਆ ਗਿਆ ਹੈ ਤਾਂ ਜੋ ਸ਼ਾਂਤੀ ਪੂਰਵਕ ਮਾਹੌਲ ਨੂੰ ਲਾਂਬੂ ਲਾਇਆ ਜਾ ਸਕੇ। ਇਸ ਘਟਨਾ ਦਾ ਪੱਤਾ ਲੱਗਣ ਤੇ ਪੁਲਿਸ ਘਟਨਾ ਸਥਾਨ 'ਤੇ ਪੁੱਜੀ ਤਾਂ ਜੋ ਸਥਿਤੀ ਨੂੰ ਕੰਟਰੋਲ ਹੇਠ ਰਖਿਆ ਜਾ ਸਕੇ।