
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਵਿੱਤ ਵਿਭਾਗ ਵਲੋਂ ਜੁਲਾਈ
ਚੰਡੀਗੜ੍ਹ, 14 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਵਿੱਤ ਵਿਭਾਗ ਵਲੋਂ ਜੁਲਾਈ ਮਹੀਨੇ ਲਈ ਲਾਭਪਾਤਰੀਆਂ ਨੂੰ ਸਮਾਜਕ ਸੁਰੱਖਿਆ ਪੈਨਸ਼ਨਾਂ ਅਤੇ ਹੋਰ ਵਿੱਤੀ ਮਦਦ ਹਿੱਤ 189.34 ਕਰੋੜ ਰੁਪਏ ਜਾਰੀ ਕੀਤੇ ਹਨ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਇਹ ਰਕਮ ਛੇਤੀ ਹੀ ਸਿੱਧੇ ਤੌਰ 'ਤੇ 25.25 ਲੱਖ ਲਾਭਪਾਤਰੀਆਂ ਜਿਨ੍ਹਾਂ ਵਿਚ ਬਜ਼ੁਰਗ, ਵਿਧਵਾ ਤੇ ਬੇਸਹਾਰਾ ਔਰਤਾਂ, ਆਸ਼ਰਿਤ ਬੱਚੇ ਅਤੇ ਦਿਵਿਆਂਗ ਵਿਅਕਤੀ ਸ਼ਾਮਲ ਹਨ, ਦੇ ਖਾਤਿਆਂ ਵਿਚ ਪਾ ਦਿਤੀ ਜਾਵੇਗੀ।
ਹੋਰ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦਸਿਆ ਕਿ 17.05 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ 127.80 ਕਰੋੜ ਰੁਪਏ, 4.65 ਲੱਖ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਨੂੰ 34.90 ਕਰੋੜ ਰੁਪਏ, 1.51 ਲੱਖ ਆਸ਼ਰਿਤ ਬੱਚਿਆਂ ਨੂੰ 11.37 ਕਰੋੜ ਰੁਪਏ ਅਤੇ 2.04 ਲੱਖ ਦਿਵਿਆਂਗ ਵਿਅਕਤੀਆਂ ਨੂੰ 15.27 ਕਰੋੜ ਰੁਪਏ ਦੀ ਵੰਡ ਕੀਤੀ ਜਾਵੇਗੀ। ਕੋਵਿਡ-19 ਮਹਾਂਮਾਰੀ ਦੇ ਮਦੇਨਜ਼ਰ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਦਰਪੇਸ਼ ਜੁਲਾਈ ਮਹੀਨੇ ਦੀਆਂ ਅਗੱਸਤ ਦੌਰਾਨ ਅਦਾ ਕੀਤੀਆਂ ਪੈਨਸ਼ਨਾਂ ਦੀ ਵੰਡ ਛੇਤੀ ਹੀ ਵੱਖੋ-ਵੱਖਰੀਆਂ ਸਮਾਜਕ ਸੁਰੱਖਿਆ ਸਕੀਮਾਂ ਤਹਿਤ ਲਾਭਪਾਤਰੀਆਂ ਦੇ ਬੱਚਤ ਖਾਤਿਆਂ ਵਿਚ ਸਿੱਧੇ ਤੌਰ 'ਤੇ ਰਕਮ ਪਾ ਕੇ ਕਰ ਦਿਤੀ ਜਾਵੇਗੀ।