
ਸਿੱਧੂ ਦਾ ਸਲਾਹਕਾਰ ਮਾਲੀ ਹੁਣ ਤਾਲਿਬਾਨ ਪੱਖੀ ਬਿਆਨ ਕਾਰਨ ਚਰਚਾ 'ਚ
ਚੰਡੀਗੜ੍ਹ, 19 ਅਗੱਸਤ (ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵਲੋਂ ਪਿਛਲੇ ਦਿਨੀਂ ਕਸ਼ਮੀਰ ਬਾਰੇ ਦਿਤੇ ਵਿਵਾਦਤ ਬਿਆਨ ਦੇ ਮਾਮਲੇ 'ਤੇ ਪੈਦਾ ਹੋਏ ਵਿਵਾਦ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਸੀ ਹੋਇਆ ਕਿ ਅੱਜ ਮਾਲੀ ਨੇ ਅਜਿਹਾ ਹੀ ਇਕ ਹੋਰ ਬਿਆਨ ਦੇ ਦਿਤਾ ਹੈ | ਇਸ ਵਿਚ ਉਨ੍ਹਾਂ ਨੇ ਤਾਲਿਬਾਨ ਦੇ ਸਮਰਥਨ ਵਿਚ ਵਿਚਾਰ ਪੇਸ਼ ਕੀਤੇ ਹਨ | ਮਾਲੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕਸ਼ਮੀਰ ਦੇ ਇਧਰਲੇ ਹਿੱਸਾ 'ਤੇ ਭਾਰਤ ਅਤੇ ਉਧਰਲੇ ਹਿੱਸੇ 'ਤੇ ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਹੈ, ਜਦੋਂਕਿ ਭਾਰਤ ਕਸ਼ਮੀਰ ਨੂੰ ਅਪਣਾ ਅਨਿੱਖੜਵਾਂ ਅੰਗ ਮੰਨਦਾ ਹੈ | ਅੱਜ ਸੋਸ਼ਲ ਮੀਡੀਆ 'ਤੇ ਪਾਏ ਇਕ ਹੋਰ ਬਿਆਨ ਵਿਚ ਮਾਲੀ ਨੇ ਕਿਹਾ ਕਿ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਦਖਣੀ ਏਸ਼ੀਆ ਵਿਚ ਅਮਨ ਪੈਦਾ ਹੋਵੇਗਾ | ਤਾਲਿਬਾਨ ਹੁਣ ਪਹਿਲਾਂ ਵਾਲੇ ਨਹੀਂ ਰਹੇ ਅਤੇ ਮਾਹੌਲ ਠੀਕ ਕਰਨ ਦਾ ਯਤਨ ਕਰੇਗਾ | ਉਹ ਜਿਹਾਦ ਨਹੀਂ ਕਰਨਗੇ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਤੇ ਹਿੰਦੂਆਂ ਦੀ ਤਾਲਿਬਾਨੀ ਸੁਰੱਖਿਆ ਕਰਨਗੇ | ਇਸ ਬਿਆਨ ਬਾਰੇ ਸੀਨੀਅਰ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਤਾਂ ਕਹਿ ਦਿਤਾ ਹੈ ਕਿ ਇਸ ਵਿਚਾਰ ਨਾਲ ਕਾਂਗਰਸ ਦਾ ਕੋਈ ਲੈਣ ਦੇਣਾ ਨਹੀਂ ਅਤੇ ਸਿੱਧੂ ਨੂੰ ਮਾਲੀ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਹ ਮਾਲੀ ਦੀ ਨਿਜੀ ਰਾਏ ਹੋ ਸਕਦੀ ਹੈ ਪਰ ਗ਼ਲਤ ਹੈ |
ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਮਾਲੀ ਦੇ ਬਿਆਨਾਂ ਨੂੰ ਦੇਸ਼ ਵਿਰੋਧੀ ਤੇ ਦੇਸ਼ ਦੀ ਅਖੰਡਤਾ ਵਿਰੁਧ ਦਸਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ ਹੈ | ਉਨ੍ਹਾਂ ਇਸ ਬਾਰੇ ਸਿੱਧੂ ਤੇ ਕਾਂਗਰਸ ਹਾਈ ਕਮਾਨ ਤੋਂ ਜੁਆਬ ਮੰਗੇ ਹਨ ਅਤੇ ਮਾਲੀ ਨੂੰ ਕਾਂਗਰਸ ਪ੍ਰਧਾਨ ਤੋਂ ਵੱਖ ਕਰਨ ਦੀ ਮੰਗ ਕੀਤੀ ਹੈ |