
ਗੰਨੇ ਦਾ ਮੁੱਲ ਤੇ ਪਿਛਲਾ ਬਕਾਇਆ ਲੈਣ ਲਈ ਅੱਜ ਸ਼ੁਰੂ ਹੋਵੇਗਾ ਕਿਸਾਨ ਅੰਦੋਲਨ
ਚੰਡੀਗੜ੍ਹ, 19 ਅਗੱਸਤ (ਭੁੱਲਰ) : ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ’ਚ ਗੰਨੇ ਦੀ ਅਹਿਮ ਫ਼ਸਲ ਤੇ ਭਰਵੀਂ ਵਿਚਾਰ ਚਰਚਾ ਕਰ ਕੇ ਫ਼ੈਸਲਾ ਕੀਤਾ ਗਿਆ ਕਿ ਅੱਜ 20 ਅਗੱਸਤ ਨੂੰ ਸਵੇਰੇ 9 ਵਜੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਲੋਂ ਜਲੰਧਰ ਵਿਖੇ ਫ਼ਗਵਾੜਾ ਨੈਸ਼ਨਲ ਹਾਈਵੇਅ ’ਤੇ ਧੰਨੋਵਾਲੀ ਫਾਟਕ ਦੇ ਕੋਲ ਅਣਮਿੱਥੇ ਸਮੇਂ ਦਾ ਧਰਨਾ ਲਾਇਆ ਜਾਵੇਗਾ। ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਤੁਰਤ ਗੰਨੇ ਦੇ 2021-22 ਸੀਜ਼ਨ ਦਾ ਮੁੱਲ 400 ਰੁਪਏ ਤੇ ਕਿਸਾਨਾਂ ਦਾ ਪਿਛਲਾ ਸਾਰਾ ਬਕਾਇਆ ਤੁਰਤ ਦੇਣ ਦਾ ਐਲਾਨ ਕਰੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 2017 ਤੋਂ ਲੈ ਕੇ ਪੰਜ ਸਾਲ ਹੋ ਗਏ ਸਰਕਾਰ ਨੇ ਗੰਨੇ ਦਾ ਮੁੱਲ ਇਕ ਰੁਪਿਆ ਵੀ ਨਹੀਂ ਵਧਾਇਆ ਅਤੇ ਕਿਸਾਨਾਂ ਵਲੋਂ ਵੇਚੀ ਗੰਨੇ ਦੀ ਫ਼ਸਲ ਦੇ ਕਰੋੜਾਂ ਰੁਪਏ ਸਰਕਾਰ ਨੱਪੀ ਬੈਠੀ ਹੈ ਜਦੋਂ ਕਿ ਬਾਜ਼ਾਰ ਵਿਚ ਬਾਕੀ ਸਾਰੀਆਂ ਚੀਜ਼ਾਂ ਦੇ ਮੁੱਲ ਦੁਗਣੇ ਤੋਂ ਵੱਧ ਗਏ ਹਨ, ਗੰਨੇ ਦਾ ਮੁੱਲ ਵੀ ਉਸ ਹਿਸਾਬ ਨਾਲ ਵਧਾਇਆ ਜਾਵੇ। ਪੰਜਾਬ ’ਚ ਗੰਨੇ ਦਾ ਮੁੱਲ ਭਾਰਤ ਦੇ ਸਾਰੇ ਸੂਬਿਆਂ ਨਾਲੋਂ ਘੱਟ ਹੈ, ਜਦੋਂਕਿ ਪੰਜਾਬ ਦੇ ਗੰਨੇ ’ਚੋਂ ਖੰਡ ਹੋਰਾਂ ਸੂਬਿਆਂ ਨਾਲੋਂ ਵੱਧ ਨਿਕਲਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁਧ ਘੋਲ ਦੇ ਪੰਜਾਬ ਮਾਡਲ ਨੂੰ ਅੱਗੇ ਉਤਰਾਖੰਡ ਅਤੇ ਯੂਪੀ ਵਿਚ ਤੇਜ਼ੀ ਨਾਲ ਫੈਲਾਇਆ ਜਾਵੇਗਾ ਤੇ ਦੇਸ਼ ਦੀਆਂ ਸਾਰੀਆਂ ਹੀ ਜਥੇਬੰਦੀਆਂ ਵਲੋਂ 26-27 ਅਗੱਸਤ ਨੂੰ ਸਿੰਗੂ ਬਾਰਡਰ ’ਤੇ ਕਨਵੈਨਸ਼ਨ ਕਰ ਕੇ ਘੋਲ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੀਟਿੰਗ ’ਚ ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਦੇ ਸੀਨੀਅਰ ਆਗੂ ਡਾ. ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਜਗਜੀਤ ਸਿੰਘ ਡੱਲੇਵਾਲਾ, ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ, ਸਤਨਾਮ ਸਿੰਘ ਅਜਨਾਲਾ, ਬਲਦੇਵ ਸਿੰਘ ਨਿਹਾਲਗੜ੍ਹ, ਮੇਜਰ ਸਿੰਘ ਪੁੰਨਾਂਵਾਲ, ਬਲਦੇਵ ਸਿੰਘ ਸਰਸਾ, ਕਾਕਾ ਸਿੰਘ ਕੌਟੜਾ, ਜਗਮੋਹਨ ਸਿੰਘ ਪਟਿਆਲਾ, ਸੁਰਜੀਤ ਸਿੰਘ ਫੂਲ, ਹਰਪਾਲ ਸਿੰਘ ਸੰਘਾ, ਸੁਖਪਾਲ ਸਿੰਘ ਡੱਫਰ ਹਾਜ਼ਰ ਸਨ।