
ਪਟਵਾਰੀਆਂ ਦੀਆ ਅਸਾਮੀਆਂ 4716 ਤੋਂ ਘਟਾ ਕੇ 3660 ਕਰਨ ਵਿਰੁਧ ਪਟਵਾਰੀਆਂ ਨੇ ਧਰਨਾ ਲਗਾ ਕੇ ਰੋਸ ਪ੍ਰਗਟਾਇਆ
ਸਰਕਾਰ ਨੇ ਪਿਛਲੀ ਸਰਕਾਰ ਦੀਆਂ ਕੀਤੀਆਂ ਪੈੜਾਂ 'ਤੇ ਹੀ ਤੁਰਨਾ ਹੈ ਤਾਂ ਫਿਰ ਬਦਲਾਅ ਲਿਆਉਣਾ ਅਸੰਭਵ : ਜ਼ਿਲ੍ਹਾ ਪ੍ਰਧਾਨ
ਮਾਲੇਰਕੋਟਲਾ, 19 ਅਗੱਸਤ (ਮੁਹੰਮਦ ਇਸਮਾਈਲ ਏਸ਼ੀਆ) : ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦੀ ਰੈਵੇਨਿਊ ਪਟਵਾਰ/ਕਾਨੂੰਗੋ ਯੂਨੀਅਨ ਤਾਲਮੇਲ ਕਮੇਟੀ ਪੰਜਾਬ ਦੇ ਦਿਸਾ ਨਿਰੇਦਸ਼ਾਂ ਤੇ ਦੀ ਰੈਵੇਨਿਊ ਪਟਵਾਰ/ਕਾਨੂੰਗੋ ਯੂਨੀਅਨ ਦੀ ਤਾਲਮੇਲ ਕਮੇਟੀ ਜ਼ਿਲਾ ਇਕਾਈ ਮਾਲੇਰਕੋਟਲਾ ਵਲੋ ਜ਼ਿਲਾ ਪ੍ਰਧਾਨ ਦੀਦਾਰ ਸਿੰਘ ਛੋਕਰ ਪਟਵਾਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਪੁਨਰਗਠਨ ਦੇ ਨਾਂ ਹੇਠ ਪਟਵਾਰੀਆਂ ਦੀਆ ਅਸਾਮੀਆ 4716 ਤੋਂ ਘਟਾ ਕੇ 3660 ਕਰਨ ਖਿਲਾਫ ਧਰਨਾ ਲਗਾ ਕੇ ਰੋਸ ਪ੍ਰਗਟਾਇਆ ਗਿਆ | ਜ਼ਿਲਾ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਬੀਤੇ ਸਾਲਾਂ ਦੌਰਾਨ ਪੰਜਾਬ ਦਾ ਵੱਡੇ ਪੱਧਰ ਤੇ ਸ਼ਹਿਰੀਕਰਨ ਹੋਣ ਕਰਕੇ ਕਈ ਨਵੇਂ ਜਿਲੇ ਅਤੇ ਤਹਿਸੀਲਾਂ ਹੋਂਦ ਵਿਚ ਆ ਚੁੱਕੀਆਂ ਹਨ | ਜਿਸ ਨਾਲ ਪਟਵਾਰੀਆਂ ਦਾ ਕੰਮ ਘਟਣ ਦੀ ਬਜਾਏ ਕਾਫੀ ਵੱਧ ਚੁੱਕਾ ਹੈ | ਇਕ ਪਾਸੇ ਤਾਂ ਸਰਕਾਰਾਂ ਨੇ ਪੰਜਾਬ ਦੇ ਜ਼ਿਲੇ 13 ਤੋਂ 23 ਅਤੇ ਤਹਿਸੀਲਾਂ 62 ਤੋ 96 ਕਰ ਦਿੱਤੀਆਂ ਹਨ ਅਤੇ ਦੂਜੇ ਪਾਸੇ ਪਟਵਾਰੀਆਂ ਦੀਆਂ ਪੋਸਟਾਂ ਘਟਾਉਣਾ ਸਰਕਾਰ ਦੀ ਦੋਗਲੀ ਨੀਤੀ ਨੂੰ ਬਿਆਨ ਕਰਦੀਆਂ ਹਨ | ਉਹਨਾਂ ਨੇ ਫਿਕਰ ਜਤਾਉਂਦਿਆ ਕਿਹਾ ਕਿ ਜੇਕਰ ਗਰਾਊਾਡ ਲੈਵਲ ਤੇ ਮੁਲਾਜਮ ਹੀ ਘਟ ਜਾਣਗੇ ਤਾਂ ਉੱਚ-ਅਫਸਰ ਕਿਵੇਂ ਲੋਕਾਂ ਨੂੰ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਮੁਹੱਇਆ ਕਰਵਾ ਸਕਣਗੇ |
ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਦੀ ਤ੍ਰਾਸਦੀ ਹੈ ਕਿ ਪਟਵਾਰੀਆਂ ਨੂੰ ਮਾਲ ਰਿਕਾਰਡ ਆਨਲਾਈਨ ਅਤੇ ਆਫਲਾਈਨ ਮੇਨਟੇਨ ਕਰਨਾ ਪੈਂਦਾ ਹੈ | ਪਟਵਾਰੀਆਂ ਦੀ ਅਸਾਮੀਆਂ ਘੱਟ ਹੋਣ ਨਾਲ ਕੰਮ ਦਾ ਬੋਝ ਵਧ ਜਾਵੇਗਾ ਅਤੇ ਗਲਤੀਆਂ ਦੀ ਗੁੰਜਾਇਸ਼ ਵਧ ਜਾਵੇਗੀ, ਜਿਸ ਨਾਲ ਆਮ ਜਨਤਾ ਦੀਆਂ ਪ੍ਰੇਸ਼ਾਨੀਆਂ ਵਧਣਗੀਆਂ | ਉਨਾਂ ਕਿਹਾ ਪਟਵਾਰੀਆਂ ਦੀਆ ਪੋਸਟਾਂ ਘਟਾਉਣ ਦੀ ਬਜਾਏ ਵਧਾਉਣੀਆਂ ਚਾਹੀਦੀਆ ਹਨ ਤਾਂ ਜੋ ਆਮ ਪਬਲਿਕ ਦੇ ਕੰਮ ਅਸਾਨੀ ਨਾਲ ਅਤੇ ਬਿਨਾਂ ਖੱਜਲ ਖੁਆਰੀ ਦੇ ਹੋ ਸਕਣ |
ਉਨ੍ਹਾਂ ਕਿਹਾ ਕਿ ਜੇਕਰ ਇਸ ਸਰਕਾਰ ਨੇ ਪਿਛਲੀ ਸਰਕਾਰ ਦੀਆਂ ਕੀਤੀਆਂ ਪੈੜਾਂ ਤੇ ਹੀ ਤੁਰਨਾ ਹੈ ਤਾਂ ਫਿਰ ਬਦਲਾਅ ਲਿਆਉਣਾ ਅਸੰਭਵ ਹੈ | ਜੇਕਰ ਸਰਕਾਰ ਤੇ ਐਨਾ ਹੀ ਵਿੱਤੀ ਬੋਝ ਹੈ ਤਾਂ ਉਹ ਨਵੀਆਂ ਬਣਾਈਆ ਤਹਿਸੀਲਾਂ ਅਤੇ ਜ਼ਿਲੇ ਖਤਮ ਕਰ ਦੇਵੇ | ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਨਾਦਰਸ਼ਾਹੀ ਪੱਤਰ ਜਲਦ ਵਾਪਸ ਨਾ ਲਿਆ ਤਾਂ ਜਲਦ ਹੀ ਪੰਜਾਬ ਬਾਡੀ ਦੀ ਮੀਟਿੰਗ ਕਰਕੇ ਅਗਲਾ ਸੰਘਰਸ਼ ਵਿੱਢਿਆ ਜਾਵੇਗਾ | ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ |
ਇਸ ਮੌਕੇ ਤਹਿਸੀਲ ਮਾਲੇਰਕੋਟਲਾ/ਅਮਰਗੜ ਦੇ ਪ੍ਰਧਾਨ ਹਰਿੰਦਰਜੀਤ ਸਿੰਘ, ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ , ਖਜਾਨਚੀ ਪਰਮਜੀਤ ਸਿੰਘ ਨਾਰੀਕੇ ,ਤਹਿਸੀਲ ਅਹਿਮਦਗੜ ਦੇ ਪ੍ਰਧਾਨ ਜਗਦੀਪ ਸਿੰਘ, ਮੀਤ ਪ੍ਰਧਾਨ ਵਿਨਾਕਸ਼ੀ ਜੋਸ਼ੀ, ਮੀਤ ਪ੍ਰਧਾਨ ਮਨਦੀਪ ਕੌਰ, ਸੀਨੀਅਰ ਮੀਤ ਪ੍ਰਧਾਨ 3 ਗੁਰਿੰਦਰਜੀਤ ਸਿੰਘ , ਸਹਾਇਕ ਜਨਰਲ ਸਕੱਤਰ ਕਰਨਅਜੈਪਾਲ ਸਿੰਘ, ਜ਼ਿਲ੍ਹਾ ਮੈੰਬਰ ਦੁਸ਼ਯੰਤ ਸਿੰਘ ਰਾਕਾ, ਆਡੀਟਰ ਸੁਮਨਪ੍ਰੀਤ ਸਿੰਘ, ਜਿਲਾ ਮੈਂਬਰ ਹਰਜੀਤ ਸਿੰਘ ਰਾਹੀ, ਪਟਵਾਰੀ ਕਰਮਜੀਤ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ |
ਫੋਟੋ 19-18