
ਖੰਡਰ ਵਾਟਰ ਵਰਕਜ਼ ਤੇ ਪ੍ਰਦੂਸ਼ਤ ਪਾਣੀ ਵਿਰੁਧ ਲੋਕਾਂ ਵਲੋਂ ਨਾਹਰੇਬਾਜ਼ੀ
ਭਵਾਨੀਗੜ੍ਹ, 19 ਅਗੱਸਤ (ਗੁਰਪ੍ਰੀਤ ਸਿੰਘ ਸਕਰੌਦੀ) : ਬਲਾਕ ਭਵਾਨੀਗੜ੍ਹ 'ਚ ਪੈਂਦੇ ਪਿੰਡ ਰਾਮਪੁਰਾ ਵਿਖੇ ਪਾਣੀ ਦੇ ਵਿਚ ਕੈਮੀਕਲ ਮਿਲ ਕੇ ਆ ਰਿਹਾ ਹੈ ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਤੋਂ ਤਰਸ ਰਹੇ ਹਨ | ਪਿੰਡ ਵਾਸੀ ਹਰਮੀਤ ਸਿੰਘ ਮੀਤਾ, ਕਰਨੈਲ ਸਿੰਘ ਸਾਬਕਾ ਸਰਪੰਚ, ਰਾਜਵਿੰਦਰ ਸਿੰਘ ਮੈਂਬਰ, ਤਰਸੇਮ ਸਿੰਘ ਮੈਂਬਰ, ਸੁਰਜੀਤ ਸਿੰਘ, ਸੁਰਿੰਦਰ ਕੌਰ, ਸੰਤ ਕੌਰ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਦੱਸਿਆ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਪਾਣੀ ਵਾਲੀ ਟੈਂਕੀ ਦੀ ਮੋਟਰ ਖਰਾਬ ਹੋ ਚੁੱਕੀ ਹੈ ਅਤੇ ਟੈਂਕੀ ਦੀ ਵੀ ਹਾਲਤ ਪੂਰੀ ਤਰ੍ਹਾਂ ਖਸਤਾ ਹੈ | ਮਿਆਦ ਲੰਘਣ ਕਾਰਨ ਪਾਣੀ ਵਾਲੀ ਟੈਂਕੀ ਦੀਆਂ ਪੌੜੀਆਂ ਟੁੱਟ ਚੁੱਕੀਆਂ ਹਨ ਅਤੇ ਪਾਣੀ ਵਾਲੀ ਟੈਂਕੀ ਵੀ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਜਿਸ ਕਾਰਨ ਵੱਡਾ ਨੁਕਸਾਨ ਹੋਣ ਦਾ ਵੀ ਖਦਸ਼ਾ ਹੈ |
ਪਿੰਡ ਦੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਭ ਜਾਣੂ ਕਰਵਾ ਦਿੱਤਾ ਗਿਆ ਹੈ ਸਾਰੇ ਮਤੇ ਪਵਾ ਕੇ ਦੇ ਦਿੱਤੇ ਹਨ ਪਰ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ | ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਘਰਾਂ ਵਿੱਚ 200 ਫੁੱਟ ਡੂੰਘੇ ਬੋਰ ਦੇ ਵਿਚੋਂ ਕੈਮੀਕਲ ਵਾਲਾ ਪਾਣੀ ਆ ਰਿਹਾ ਹੈ ਜਿਸ ਕਾਰਨ ਪਿੰਡ 'ਚ ਕੈਂਸਰ ਦੇ ਮਰੀਜ਼ ਲਗਾਤਾਰ ਵਧ ਰਹੇ ਹਨ |
ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਸਾਨੂੰ ਪਿੰਡ ਰਾਮਪੁਰਾ ਦੀ ਮੰਡੀ ਵਾਲੀ ਟੈਂਕੀ ਤੇ ਜਾ ਕੇ ਹਰ ਰੋਜ਼ ਪਾਣੀ ਭਰ ਕੇ ਲਿਆਉਣਾ ਪੈਂਦਾ ਹੈ ਅਤੇ ਕਦੀ ਕਦੀ ਤਾਂ ਮੰਡੀ ਵਾਲੀ ਟੈਂਕੀ ਦਾ ਵੀ ਪਾਣੀ ਖ਼ਤਮ ਹੁੰਦਾ ਹੈ ਜਿਸ ਕਾਰਨ ਅਸੀਂ ਪਾਣੀ ਤੋਂ ਤਰਸ ਰਹੇ ਹਾਂ | ਪਿੰਡ ਵਾਸੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਾਡੇ ਪਿੰਡ ਲਈ ਸ਼ੁੱਧ ਪਾਣੀ ਲਈ ਸਰਕਾਰੀ ਟੈਂਕੀ ਨਵੀਂ ਬਣਾਈ ਜਾਵੇ ਤਾਂ ਕਿ ਅਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਬਚਾ ਸਕੀਏ |
ਫੋਟੋ 19-11