
ਪੰਜਾਬ ਪੁਲਿਸ ਨੇ 48 ਘੰਟਿਆਂ ਵਿਚ ਸੁਲਝਾਈ ਖਰੜ ਦੇ ਵਿਦਿਆਰਥੀ ਅਗ਼ਵਾ ਕਾਂਡ ਦੀ ਗੁੱਥੀ
ਐਸ.ਏ.ਐਸ. ਨਗਰ, 19 ਅਗੱਸਤ (ਸੋਈਾ) : ਖਰੜ ਤੋਂ ਵਿਦਿਆਰਥੀ ਨੂੰ ਅਗ਼ਵਾ ਕੀਤੇ ਜਾਣ ਦੇ ਮਾਮਲੇ ਦੀ ਗੱੁਥੀ ਨੂੰ ਪੰਜਾਬ ਪੁਲਿਸ ਨੇ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਕੇ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ |
ਡੀ.ਆਈ.ਜੀ. ਏ.ਜੀ.ਟੀ.ਐਫ.-ਕਮ-ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਪੁਲਿਸ ਟੀਮਾਂ ਨੇ ਚੰਡੀਗੜ੍ਹ ਯੂਨੀਵਰਸਟੀ ਘੜੂੰਆਂ ਵਿਚ ਬੀ.ਈ. ਦੇ ਵਿਦਿਆਰਥੀ, ਜਿਸ ਦੀ ਪਛਾਣ ਹਿਤੇਸ਼ ਭੂਮਲਾ ਵਜੋਂ ਹੋਈ ਹੈ, ਨੂੰ ਬਾ-ਹਿਫ਼ਾਜ਼ਤ ਬਚਾ ਲਿਆ ਹੈ | ਉਕਤ ਵਿਦਿਆਰਥੀ ਨੂੰ ਖਰੜ ਦੇ ਰਣਜੀਤ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਬੇਹੋਸ਼ੀ ਦੀ ਹਾਲਤ ਵਿਚ ਰਖਿਆ ਗਿਆ ਸੀ | ਅਗ਼ਵਾਕਾਰਾਂ ਵਲੋਂ ਲੜਕੇ ਦੇ ਮਾਪਿਆਂ ਤੋਂ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ | ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੈ ਕਾਦਿਆਨ (25) ਵਾਸੀ ਪਿੰਡ ਜੱਟਲ, ਪਾਣੀਪਤ, ਹਰਿਆਣਾ , ਅਜੈ (22) ਵਾਸੀ ਪਿੰਡ ਆਬੂਦ, ਸਿਰਸਾ ਹਰਿਆਣਾ ਅਤੇ ਰਾਖੀ ਵਾਸੀ ਪਿੰਡ ਬਰੋਲੀ, ਸੋਨੀਪਤ, ਹਰਿਆਣਾ ਵਜੋਂ ਹੋਈ ਹੈ | ਪੁਲਿਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ ਇਕ ਹੌਂਡਾ ਸਿਟੀ ਕਾਰ, ਪੰਜ ਮੋਬਾਈਲ ਫ਼ੋਨ ਅਤੇ ਇਕ .32 ਬੋਰ ਦਾ ਪਿਸਤੌਲ ਸਮੇਤ 9 ਕਾਰਤੂਸ ਵੀ ਬਰਾਮਦ ਕੀਤੇ ਹਨ |
ਡੀ.ਆਈ.ਜੀ. ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਨੂੰ ਹਿਤੇਸ਼ ਦੇ ਮਾਪਿਆਂ ਤੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦਾ ਪੁੱਤਰ ਲਾਪਤਾ ਹੋ ਗਿਆ ਹੈ ਅਤੇ ਅਗ਼ਵਾਕਾਰ ਉਨ੍ਹਾਂ ਤੋਂ 50 ਲੱਖ ਰੁਪਏ ਦੀ ਫ਼ਿਰੌਤੀ ਦੀ ਮੰਗ ਕਰ ਰਹੇ ਹਨ | ਪੁਲਿਸ ਟੀਮਾਂ ਨੇ ਤੁਰਤ ਕਾਰਵਾਈ ਕਰਦੇ ਹੋਏ ਪੁਲਿਸ ਥਾਣਾ ਸਦਰ ਖਰੜ ਵਿਖੇ ਆਈ.ਪੀ.ਸੀ. ਦੀ ਧਾਰਾ 364-ਏ ਅਤੇ 365 ਤਹਿਤ ਐਫ.ਆਈ.ਆਰ. ਦਰਜ ਕਰ ਕੇ ਤੁਰਤ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਅਤੇ ਖੁਫ਼ੀਆ ਏਜੰਸੀ ਦੀ ਮਦਦ ਨਾਲ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ | ਉਨ੍ਹਾਂ ਦਸਿਆ ਕਿ ਡੀਐਸਪੀ ਗੁਰਸ਼ੇਰ ਸਿੰਘ, ਇੰਚਾਰਜ ਸੀ.ਆਈ.ਏ. ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਿਚ ਸੀ.ਆਈ.ਏ. ਕੁਰੂਕਸ਼ੇਤਰ ਦੀਆਂ ਟੀਮਾਂ ਵਲੋਂ ਸ਼ੁਕਰਵਾਰ ਤੜਕੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਪੀੜਤ ਨੂੰ ਬਾ-ਹਿਫ਼ਾਜ਼ਤ ਬਚਾ ਲਿਆ ਗਿਆ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਅੰਬਾਲਾ, ਹਰਿਦੁਆਰ ਅਤੇ ਗਾਜ਼ੀਆਬਾਦ ਦੋਸ਼ੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਪੂਰੀ ਮੁਸ਼ਤੈਦੀ ਨਾਲ ਕਾਰਜਸ਼ੀਲ ਸੀ |
ਮੋਹਾਲੀ ਦੇ ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ ਨੇ ਦਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਲੜਕੀ ਰਾਖੀ ਨੇ ਸੋਸ਼ਲ ਮੀਡੀਆ 'ਤੇ ਫ਼ਰਜ਼ੀ ਪ੍ਰੋਫਾਈਲ ਬਣਾ ਕੇ ਉਸ ਨਾਲ ਇੰਸਟਾਗ੍ਰਾਮ ਅਤੇ ਫ਼ੇਸਬੁੱਕ 'ਤੇ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਮਿਲਣ ਦਾ ਲਾਲਚ ਦਿਤਾ | Tਮਿਲਣ ਤੋਂ ਬਾਅਦ, ਉਸ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਪੀੜਤ ਨੂੰ ਅਗ਼ਵਾ ਕਰ ਲਿਆ ਅਤੇ ਉਸ ਨੂੰ ਛੱਡਣ ਲਈ ਉਸ ਦੇ ਮਾਪਿਆਂ ਤੋਂ ਫਿਰੌਤੀ ਦੀ ਮੰਗ ਕੀਤੀ '' | ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ |