ਜਹਾਜ਼ 'ਚ ਸਿੱਖਾਂ ਦੀ ਕ੍ਰਿਪਾਨ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਭੜਕੇ ਸਿਮਰਨਜੀਤ ਸਿੰਘ ਮਾਨ
ਮਾਨ ਨੇ ਕਿਹਾ ਜਨੇਊ ਨਾਲ ਵੀ ਜਹਾਜ਼ ਹਾਈਜੈਕ ਹੋ ਸਕਦਾ ਹੈ, ਕ੍ਰਿਪਾਨ 'ਤੇ ਰੋਕ ਲਗੇਗੀ ਤਾਂ ਜਨੇਊ ਵੀ ਨਾਲ ਉਤਰੇਗਾ
ਕਿਹਾ, ਜੇ ਹਿੰਦੂ ਜਹਾਜ਼ ਵਿਚ ਜਨੇਊ ਪਹਿਨ ਕੇ ਜਾ ਸਕਦੇ ਹਨ ਤੇ ਸਿੱਖਾਂ ਦੀ ਕ੍ਰਿਪਾਨ 'ਤੇ ਰੋਕ ਦੀ ਗੱਲ ਕਿਉਂ ?
ਚੰਡੀਗੜ੍ਹ, 19 ਅਗੱਸਤ (ਭੁੱਲਰ) : ਘਰੇਲੂ ਉਡਾਣਾਂ 'ਚ ਸਿੱਖਾਂ ਦੇ ਕ੍ਰਿਪਾਨ ਲੈ ਕੇ ਜਾਣ 'ਤੇ ਰੋਕ ਲਾਏ ਜਾਣ ਲਈ ਚੱਲ ਰਹੇ ਵਿਵਾਦ ਦੌਰਾਨ ਅਕਾਲੀ ਦਲ (ਅਮਿੰ੍ਰਤਸਰ) ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਸਖ਼ਤ ਪ੍ਰਤੀਕਰਮ ਦਿਤਾ ਹੈ |
ਉਨ੍ਹਾਂ ਕਿਹਾ ਕਿ ਜੇ ਹਿੰਦੂ ਜਹਾਜ਼ 'ਚ ਜਨੇਊ ਪਹਿਨ ਕੇ ਜਾ ਸਕਦੇ ਹਨ ਤਾਂ ਸਿੱਖ ਕ੍ਰਿਪਾਨ ਨਾਲ ਸਫਰ ਕਿਉਂ ਨਹੀਂ ਕਰ ਸਕਦੇ? ਉਨ੍ਹਾਂ ਕਿਹਾ ਕਿ ਕਿ੍ਪਾਨ ਨੂੰ ਹਥਿਆਰ ਦਸ ਕੇ ਜਹਾਜ਼ 'ਚ ਰੋਕ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਫਿਰ ਜਨੇਊ ਦੀ ਵੀ ਹਥਿਆਰ ਵਜੋਂ ਵਰਤੋਂ ਹੋ ਸਕਦੀ ਹੈ |
ਉਨ੍ਹਾਂ ਕਿਹਾ ਇਸ ਨਾਲ ਵੀ, ਜਹਾਜ਼ ਹਾਈਜੈਕ ਹੋ ਸਕਦਾ ਹੈ ਕਿ ਜਨੇਊ ਨਾਲ ਵੀ ਕਿਸੇ ਦਾ ਗਲਾ ਵੱਢਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕ੍ਰਿਪਾਨ ਜਹਾਜ਼ 'ਚ ਲੈ ਕੇ ਜਾਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਿੱਖਾਂ ਦਾ ਇਕ ਧਾਰਮਕ ਚਿੰਨ੍ਹ ਹੈ | ਜਨੇਊ ਨੂੰ ਵੀ ਹਿੰਦੂਆਂ ਦਾ ਧਾਰਮਕ ਚਿੰਨ੍ਹ ਹੋਣ ਕਾਰਨ ਜਹਾਜ਼ 'ਚ ਲੈ ਜਾਣ ਦੀ ਆਗਿਆ ਦਿਤੀ ਹੈ | ਮਾਨ ਨੇ ਕਿਹਾ ਕਿ ਜੇ ਕ੍ਰਿਪਾਨ ਤੇ ਰੋਕ ਲਗੇਗੀ ਤਾਂ ਜਨੇਊ ਵੀ ਉਤਰੇਗਾ |
ਜ਼ਿਕਰਯੋਗ ਹੈ ਕਿ ਕ੍ਰਿਪਾਨ ਨੂੰ ਲੈ ਕੇ ਵਿਵਾਦ ਇਸ ਲਈ ਛਿੜਿਆ ਹੈ ਕਿਉਂਕਿ ਸ਼ਿਵ ਸੈਨਾ ਨੇ ਇਸ ਦੀ ਜਹਾਜ਼ 'ਚ ਲੈ ਕੇ ਜਾਣ 'ਤੇ ਰੋਕ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀ ਪਰ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਨਾਂਹ ਕਰਦਿਆਂ ਇਹ ਮਾਮਲਾ ਸਬੰਧਤ ਹਾਈਕੋਰਟ 'ਚ ਦਾਇਰ ਕਰਨ ਲਈ ਕਿਹਾ ਹੈ |