
ਮਾਸਟਰ ਕੇਡਰ ਦੀ ਪ੍ਰੀਖਿਆ ਸਬੰਧੀ ਬੇਰੁਜ਼ਗਾਰ ਅਧਿਆਪਕਾਂ ਦੀ ਸਿਖਿਆ ਮੰਤਰੀ ਨਾਲ ਹੋਈ ਮੀਟਿੰਗ
ਸੰਗਰੂਰ, 19 ਅਗੱਸਤ (ਬਲਵਿੰਦਰ ਸਿੰਘ ਭੁੱਲਰ) : 21 ਅਗੱਸਤ ਨੂੰ ਮਾਸਟਰ ਕੇਡਰ ਦੀਆਂ 4161 ਅਸਾਮੀਆਂ ਦੀ ਪ੍ਰੀਖਿਆ ਮੌਕੇ ਪੁਖਤਾ ਪ੍ਰਬੰਧ ਕਰਵਾਉਣ ਸਮੇਤ ਅਨੇਕਾਂ ਮੰਗਾਂ ਨੂੰ ਲੈਕੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਪੰਜਾਬ ਭਵਨ ਵਿਖੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਨਾਲ ਹੋਈ |ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ 4161 ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ, 21 ਅਗੱਸਤ ਤੋ ਸ਼ੁਰੂ ਹੋ ਰਹੀ ਪ੍ਰੀਖਿਆ ਲਈ ਮੌਕੇ ਕੰਨ ਫੋਨ ਜਾਂ ਹੋਰ ਆਧੁਨਕ ਤਕਨੀਕ ਰਾਹੀਂ ਨਕਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਜੈਮਰ ਲਗਾਏ ਜਾਣ,ਹਾਜ਼ਰੀ ਬਾਇਓ ਮੀਟਿ੍ਕ ਲਗਾਈ ਜਾਵੇ ,ਪ੍ਰੀਖਿਆ ਦੀ ਵੀਡਿਉ ਗਰਾਫੀ ਕਰਵਾਈ ਜਾਵੇ ਅਤੇ ਪ੍ਰੀਖਿਆ ਕੇਂਦਰ ਅੰਦਰ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ |
ਉਨ੍ਹਾਂ ਬੀ ਐਡ ਪਾਸ ਉਮੀਦਵਾਰਾਂ ਉੱਤੇ ਥੋਪੀ ਗਈ ਗ੍ਰੈਜੂਏਸ਼ਨ ਵਿੱਚੋਂ 55 ਪ੍ਰਤੀਸ਼ਤ ਅੰਕਾਂ ਦੀ ਲਾਜ਼ਮੀ ਸ਼ਰਤ ਨੂੰ ਰੱਦ ਕੀਤਾ ਜਾਵੇ | ਸਿਖਿਆ ਵਿਭਾਗ ਵਿੱਚ ਕੱਢੀਆਂ 4161 ਮਾਮੂਲੀ ਅਸਾਮੀਆਂ ਸਿਰਫ ਤੇ ਸਿਰਫ ਪੰਜਾਬ ਰਾਜ ਦੇ ਉਮੀਦਵਾਰਾਂ ਨੂੰ ਰਾਖਵੀਆਂ ਕੀਤੀਆਂ ਜਾਣ | ਲੈਕਚਰਾਰ ਭਰਤੀ ਵਿੱਚ ਸੂਚੀ ਵਿੱਚੋ ਬਾਹਰ ਕੀਤੇ ਵਿਸੇ ਮੁੜ ਸ਼ਾਮਿਲ ਕੀਤੇ ਜਾਣ ਅਤੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਦੌਰਾਨ ਦਰਜ ਮਾਮਲੇ ਰੱਦ ਕੀਤੇ ਜਾਣ |
ਸਮੁੱਚੀਆਂ ਮੰਗਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਨ ਮਗਰੋ ਸਿੱਖਿਆ ਮੰਤਰੀ ਨੇ ਮਾਸਟਰ ਕੇਡਰ ਦੀ ਪ੍ਰੀਖਿਆ ਪਾਰਦਰਸ਼ੀ ਕਰਵਾਉਣ ਅਤੇ 55 ਪ੍ਰਤੀਸ਼ਤ ਦੀ ਸ਼ਰਤ ਨੂੰ ਰੱਦ ਕਰਵਾਉਣ ਸਮੇਤ ਸਮੁੱਚੀਆਂ ਮੰਗਾਂ ਨੂੰ ਆਉਂਦੇ ਸਮੇ ਹੱਲ ਕਰਨ ਦਾ ਭਰੋਸਾ ਦਿੱਤਾ |ਵਰਨਣਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਚੋਣ ਜਾਬਤਾ ਲੱਗਣ ਤੋ ਕੁਝ ਮਿੰਟ ਪਹਿਲਾਂ 8 ਜਨਵਰੀ 2022 ਨੂੰ ਮਾਸਟਰ ਕੇਡਰ ਦੀਆਂ ਮਾਮੂਲੀ ਅਸਾਮੀਆਂ ਦਾ ਇਸਤਿਹਾਰ ਜਾਰੀ ਕੀਤਾ ਸੀ |ਜਦਕਿ ਬੇਰੁਜ਼ਗਾਰ ਯੂਨੀਅਨ ਦੀ ਮੰਗ ਸਮਾਜਿਕ ਸਿੱਖਿਆ , ਹਿੰਦੀ ਅਤੇ ਪੰਜਾਬੀ ਦੀਆਂ ਘੱਟੋ ਘੱਟ 9000 ਅਸਾਮੀਆਂ ਦੀ ਸੀ |
ਫੋਟੋ 19-17