
ਜੇਕਰ ਭਾਰਤੀ ਅੰਬੈਸੀ ਸਾਡੀ ਮਦਦ ਨਾ ਕਰਦੀ ਤਾਂ ਨਰਕ ਭਰੀ ਜ਼ਿੰਦਗੀ 'ਚੋਂ ਨਿਕਲਣਾ ਅਸੰਭਵ ਸੀ- ਪੀੜਤ ਲੜਕੀਆਂ
ਸੁਲਤਾਨਪੁਰ ਲੋਧੀ (ਗਗਨਦੀਪ ਕੌਰ) : ਪਿਛਲੇ ਕਰੀਬ 3 ਮਹੀਨਿਆਂ ਤੋਂ ਇਰਾਕ ਸਣੇ ਹੋਰ ਅਰਬ ਮੁਲਕਾਂ 'ਚ ਫਸੀਆਂ ਪੰਜਾਬ ਦੀਆਂ 4 ਧੀਆਂ ਨੂੰ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਭਾਰਤ ਲਿਆਂਦਾ ਗਿਆ। ਪੀੜਤ ਲੜਕੀਆਂ ਨੇ ਨਿਰਮਲ ਕੁਟੀਆ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਭਾਰਤੀ ਅੰਬੈਸੀ ਸਾਡੀ ਮਦਦ ਨਾ ਕਰਦੀ ਤਾਂ ਨਰਕ ਭਰੀ ਜ਼ਿੰਦਗੀ 'ਚੋਂ ਨਿਕਲਣਾ ਅਸੰਭਵ ਸੀ। ਪੀੜਤ ਲੜਕੀਆਂ ਨੇ ਆਪਣੀ ਦੁੱਖ ਭਰੀ ਦਾਸਤਾਂ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਕੇ-ਸਬੰਧੀਆਂ ਤੇ ਟ੍ਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਅਜਿਹੇ ਸੁਫਨੇ ਦਿਖਾਏ ਕਿ ਉਹ ਇਨ੍ਹਾਂ ਠੱਗਾਂ ਦੇ ਝਾਂਸੇ 'ਚ ਆ ਗਈਆਂ।
ਵਾਪਸ ਪਰਤੀ 'ਤੇ ਦਰਦ ਬਿਆਨ ਕਰਦਿਆਂ ਇਕ ਲੜਕੀ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਨੇ ਉਸ ਨਾਲ ਸੰਪਰਕ ਕੀਤਾ ਸੀ ਅਤੇ ਉਸ ਨੂੰ ਘਰੇਲੂ ਕੰਮ ਦਾ ਕਹਿ ਕੇ ਗਰੀਸ ਭੇਜਣ ਦਾ ਲਾਰਾ ਲਾਇਆ ਤੇ ਮੋਟੀ ਤਨਖਾਹ ਦਾ ਲਾਲਚ ਵੀ ਦਿਤਾ ਸੀ ਪਰ ਗਰੀਸ ਭੇਜਣ ਦੀ ਥਾਂ ਧੋਖੇ ਨਾਲ ਇਰਾਕ ਭੇਜ ਦਿਤਾ ਤੇ ਉਥੇ ਦੀ ਇਕ ਕੰਪਨੀ ਕੋਲ ਉਸ ਨੂੰ ਵੇਚ ਦਿੱਤਾ। ਉਸ ਦਾ ਪਾਸਪੋਰਟ ਵੀ ਖੋਹ ਲਿਆ ਗਿਆ ਸੀ। ਉਸ ਨੇ ਦਸਿਆ ਕਿ ਜਿਥੇ ਉਸ ਨੂੰ ਰੱਖਿਆ ਗਿਆ, ਉਹ ਇਕ ਦਫ਼ਤਰ ਸੀ। ਪੀੜਤਾ ਨੇ ਦੱਸਿਆ ਕਿ ਉਸ ਨੂੰ ਦਿਮਾਗੀ ਤੇ ਸਰੀਰਕ ਤੌਰ ‘ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਦੌਰਾਨ ਹੋਰਾਂ ਲੜਕੀਆਂ ਵਲੋਂ ਵੀ ਆਪਣਾ ਤਸ਼ੱਦਦ ਬਿਆਨ ਕੀਤਾ ਗਿਆ ਅਤੇ ਆਪਣੀ ਦੁੱਖ ਭਰੀ ਕਹਾਣੀ ਨੂੰ ਸਾਂਝਾ ਕਰਕੇ ਨੌਜਵਾਨ ਪੀੜੀ ਨੂੰ ਵੀ ਸੁਨੇਹਾ ਦਿਤਾ ਗਿਆ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਸਿਆ ਕਿ ਲੜਕੀਆਂ ਦੇ ਪੀੜਤ ਪਰਿਵਾਰਾਂ ਵਲੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੀਆਂ ਲੜਕੀਆਂ ਅਰਬ ਮੁਲਕਾਂ 'ਚ ਫਸੀਆਂ ਹਨ, ਜਿਨ੍ਹਾਂ ਨੂੰ ਛੱਡਣ ਲਈ ਟ੍ਰੈਵਲ ਏਜੰਟ ਵਲੋਂ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਵਲੋਂ ਚਿੱਠੀ ਰਾਹੀਂ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ 'ਚ ਲਿਆਂਦਾ ਗਿਆ, ਜਿਸ 'ਤੇ ਉਥੋਂ ਦੀ ਭਾਰਤੀ ਅੰਬੈਸੀ ਤੇ ਵਿਦੇਸ਼ ਮੰਤਰਾਲੇ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਇਹ ਲੜਕੀਆ ਕਰੀਬ 20 ਦਿਨਾਂ 'ਚ ਆਪਣੇ ਘਰ ਵਾਪਸ ਆ ਗਈਆਂ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਟ੍ਰੈਵਲ ਏਜੰਟਾਂ ਹੱਥੋਂ ਠੱਗੀਆਂ ਔਰਤਾਂ ਦਾ ਅਰਬ ਦੇਸ਼ਾਂ 'ਚ ਸ਼ੋਸ਼ਣ ਲਗਾਤਾਰ ਜਾਰੀ ਹੈ। ਉਹ ਆਪਣੀਆਂ ਲੜਕੀਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਏਜੰਟਾਂ ਤੇ ਉੱਥੋਂ ਦੇ ਹਾਲਾਤ ਬਾਰੇ ਚੰਗੀ ਤਰ੍ਹਾਂ ਜਾਂਚ ਜ਼ਰੂਰ ਕਰਵਾ ਲਿਆ ਕਰਨ ਤਾਂ ਜੋ ਲੜਕੀਆਂ ਇਸ ਦੀਆਂ ਸ਼ਿਕਾਰ ਨਾ ਹੋਣ।