
ਪਾਸਪੋਰਟ ਸੇਵਾ ਨਾਲ ਸਬੰਧਿਤ ਮੁਸ਼ਕਿਲਾਂ ਬਾਰੇ ਕੀਤੀ ਚਰਚਾ
Jalandhar News : ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਤਰੀ ਪਾਸਪੋਰਟ ਅਧਿਕਾਰੀ ਜਲੰਧਰ ਅਭਿਸ਼ੇਕ ਸ਼ਰਮਾ ਨਾਲ ਅੱਜ ਮੁਲਾਕਾਤ ਕੀਤੀ। ਉਨ੍ਹਾਂ ਦੁਆਬਾ ਖੇਤਰ ਦੇ ਲੋਕਾਂ ਨੂੰ ਪਾਸਪੋਰਟ ਸੇਵਾ ਨਾਲ ਸਬੰਧਿਤ ਮੁਸ਼ਕਿਲਾਂ ਬਾਰੇ ਖੇਤਰੀ ਪਾਸਪੋਰਟ ਅਧਿਕਾਰੀ ਨਾਲ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਨਾਲ ਸਬੰਧਿਤ ਪੁਲਿਸ ਕਲੀਰੈਂਸ ਸਰਟੀਫਿਕੇਟ ( ਪੀ.ਸੀ.ਸੀ.) ਜਲਦ ਜਾਰੀ ਕਰਨ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਖੇਤਰੀ ਪਾਸਪੋਰਟ ਦਫਤਰ ਜਲੰਧਰ ਵਿਖੇ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਨੇ ਕਿਹਾ ਕਿ ਦੁਆਬਾ ਖੇਤਰ ਵਿਚ ਵੱਡੀ ਪੱਧਰ ’ਤੇ ਲੋਕ ਵਿਦੇਸ਼ ਵਿਚ ਵਸਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਵਿਦੇਸ਼ ਆਉਣ-ਜਾਣ ਲਈ ਅਨੇਕਾਂ ਮਾਮਲਿਆਂ ਵਿਚ ਪੀ.ਸੀ.ਸੀ. ਦੀ ਲੋੜ ਪੈਂਦੀ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਪੀ.ਸੀ.ਸੀ. ਪ੍ਰਕ੍ਰਿਆ ਦੇ ਬਹੁਤ ਲੰਮੀ ਤੇ ਉਲਝਣ ਵਾਲੀ ਹੋਣ ਕਾਰਨ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਨੂੰ ਖੇਤਰੀ ਪਾਸਪੋਰਟ ਦਫਤਰ ਤੇ ਬਾਕੀ ਸਬੰਧਿਤ ਵਿਭਾਗ ਮਿਲਕੇ ਦੂਰ ਕਰ ਸਕਦੇ ਹਨ। ਉਨ੍ਹਾਂ ਧੋਖੇਬਾਜ ਏਜੰਟਾਂ ਦੇ ਧੱਕੇ ਚੜ੍ਹਕੇ ਵਿਦੇਸ਼ਾਂ ਵਿਚ ਫਸੇ ਲੜਕੇ ਤੇ ਵਿਸ਼ੇਸ਼ ਕਰਕੇ ਲੜਕੀਆਂ ਦੀ ਵਤਨ ਵਾਪਸੀ ਲਈ ਵੀ ਪਾਸਪੋਰਟ ਦਫਤਰ ਨੂੰ ਹੋਰ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਜਲੰਧਰ ਖੇਤਰੀ ਪਾਸਪੋਰਟ ਦਫਤਰ ਅਧੀਨ ਪੈੰਦੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲਈ ਸਮਾਂ ਲੈਣ ਲਈ ਲੱਗਣ ਵਾਲੇ ਸਮੇਂ ਨੂੰ ਵੀ ਘੱਟ ਕਰਨ ਲਈ ਯਤਨ ਕਰਨ ਲਈ ਕਿਹਾ ਤਾਂ ਜੋ ਬਿਨੈਕਾਰਾਂ ਨੂੰ ਜਲਦ ਪਾਸਪੋਰਟ ਜਾਰੀ ਹੋ ਸਕੇ।