
ਚੰਨੀ ਦੇ ਮੁੱਖ ਮੰਤਰੀ ਬਣਨ ਦਾ ਐਲਾਨ ਹੁੰਦੇ ਹੀ ਖਰੜ ਵਿਖੇ ਸਮਰਥਕਾਂ ਨੇ ਖ਼ੁਸ਼ੀ ਵਿਚ ਵੰਡੇ ਲੱਡੂ
ਖਰੜ, 19 ਸਤੰਬਰ (ਪੰਕਜ ਚੱਢਾ) : ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਦੇ ਇੰਚਾਰਜ਼ ਸ੍ਰੀ ਹਰੀਸ਼ ਰਾਵਤ ਵਲੋ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਐਮ.ਐਲ.ਏ ਸ.ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨੇ ਤੋਂ ਬਾਅਦ ਖਰੜ ਸ਼ਹਿਰ ਵਿਚ ਖੁਸ਼ੀ ਦਾ ਮਾਹੌਲ ਸੀ ਅਤੇ ਉਨ੍ਹਾਂ ਦੀ ਖਰੜ ਸਥਿਤ ਨਿੱਜੀ ਰਿਹਾਇਸ਼ ਤੇ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਪੁੱਜਣੇ ਸ਼ੁਰੂ ਹੋ ਗਏ | ਉਨ੍ਹਾਂ ਦੀ ਰਿਹਾਇਸ਼ 'ਤੇ ਮਾਸਟਰ ਪ੍ਰੇਮ ਸਿੰਘ, ਓ.ਐਸ.ਡੀ. ਸੰਜੀਵ ਕੁਮਾਰ ਰੂਬੀ., ਪੰਕਜ ਚੱਢਾ, ਓਮ ਪ੍ਰਕਾਸ਼ ਬੱਲਾ, ਕੁਲਦੀਪ ਸਿੰਘ, ਅਵੀਨਸ਼ ਕੁਮਾਰ ਸਮੇਤ ਹੋਰ ਬਹੁਤ ਸਾਰੇ ਸਮਰੱਥਕਾਂ ਨੇ ਖ਼ੁਸ਼ੀ ਵਿਚ ਲੱਡੂ ਵੰਡੇ |
ਮੁੱਖ ਮੰਤਰੀ ਦਾ ਐਲਾਨ ਹੁੰਦੇ ਸਾਰ ਹੀ ਉਨ੍ਹਾਂ ਦੇ ਪਰਵਾਰਕ ਮੈਂਬਰ ਚੰਡੀਗੜ੍ਹ ਲਈ ਰਵਾਨਾ ਹੋ ਗਏ | ਉਨ੍ਹਾਂ ਦੀ ਰਿਹਾਇਸ਼ 'ਤੇ ਉਨ੍ਹਾਂ ਦੀ ਭੈਣ ਸੁੁਰਿੰਦਰ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਖਰੜ ਸ਼ਹਿਰ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ | ਚਰਨਜੀਤ ਸਿੰਘ ਚੰਨੀ ਨੇ ਅਪਣੀ ਵਿਦਿਅਕ ਦੌਰਾਨ ਖਰੜ ਦੇ ਖ਼ਾਲਸਾ ਸਕੂਲ ਤੋਂ ਸਿਆਸਤ ਸ਼ੁਰੂ ਕੀਤੀ ਉਹ ਸਕੂਲ ਵਿਚ ਯੂਨੀਅਨ ਦੇ ਪ੍ਰਧਾਨ ਵੀ ਬਣੇ ਹਨ ਅਤੇ ਉਸ ਤੋਂ ਬਾਅਦ ਮੁੜ ਕੇ ਪਿਛੇ ਨਹੀਂ ਵੇਖਿਆ | ਸ੍ਰੀ ਚੰਨੀ ਖਰੜ ਵਿਚ ਕੌਂਸਲਰ ਵੀ ਬਣੇ ਅਤੇ ਫਿਰ ਨਗਰ ਕੌਂਸਲ ਖਰੜ ਦੇ ਪ੍ਰਧਾਨ | ਸਾਲ 2007 ਵਿਚ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਅਜਾਦ ਤੌਰ ਤੇ ਵਿਧਾਇਕ ਬਣੇ ਅਤੇ ਉਸ ਸਮੇਂ ਸੋ੍ਰਮਣੀ ਅਕਾਲੀ ਦਲ ਦੀ ਸਰਕਾਰ ਨੂੰ ਬਾਹਰੋਂ ਹਮਾਇਤ ਦਿਤੀ ਅਤੇ ਫਿਰ 2012 ਦੀਆਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਦੂਸਰੀ ਵਾਰ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਬਣੇ ਅਤੇ ਤੀਸਰੀ ਵਾਰ ਵੀ ਇਸ ਹਲਕੇ ਤੋਂ ਵਿਧਾਇਕ ਬਣੇ | ਉਨ੍ਹਾਂ ਦੇ ਜੱਦੀ ਪਿੰਡ ਭਜੌਲੀ ਵਿਖੇ ਪਿੰਡ ਨਿਵਾਸੀਆਂ ਨੇ ਸ.ਚਰਨਜੀਤ ਸਿੰੰਘ ਚੰਨੀ ਦੇ ਮੁੱਖ ਮੰਤਰੀ ਦੇ ਐਲਾਨ ਤੋਂ ਪਿੰਡ ਵਿਚ ਵੀ ਖ਼ੁਸ਼ੀ ਦਾ ਮਾਹੌਲ ਸੀ ਅਤੇ ਪਿੰਡ ਨਿਵਾਸੀਆਂ ਨੇ ਭੰਗੜੇ ਪਾਏ | ਖਰੜ ਦੇ ਡੀ.ਐਸ.ਪੀ.ਖਰੜ ਦੀਪਕ ਰਾਏ ਵੀ ਮੌਕੇ 'ਤੇ ਪੁਲਿਸ ਫੋਰਸ ਸਮੇਤ ਪੁੱਜੇ ਅਤੇ ਉਨ੍ਹਾਂ ਰਿਹਾਇਸ਼ ਦੇ ਆਲੇ ਦੁਆਲੇ ਪੁਲਿਸ ਕਰਮਚਾਰੀ ਤਾਇਨਾਤ ਕਰ ਕੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ |
ਫੋਟੋ ਕੈਪਸ਼ਨ- ਕੇਐਚਆਰ 19 ਏ
ਖਰੜ ਸਥਿਤ ਪੰਜਾਬ ਦੇ ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿੱਜੀ ਰਹਾਇਸ਼ ਤੇ ਸਮਰੱਥਕ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਉਦੇ ਹੋਏ |