
ਬੋਗਸ ਬਿਲਿੰਗ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ : ਆਸ਼ੂ
ਚੰਡੀਗੜ੍ਹ, 19 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਰਾਜ ਦੀਆਂ ਮੰਡੀਆਂ ਵਿਚ ਝੋਨੇ ਦੀ ਬੋਗਸ ਬਿਲਿੰਗ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ ਉਕਤ ਪ੍ਰਗਟਾਵਾ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕੀਤਾ। ਸ੍ਰੀ ਆਸ਼ੂ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾਵਾਂ ਮਿਲੀਆਂ ਸਨ ਕਿ ਸੂਬੇ ਦੀਆਂ ਮੰਡੀਆਂ ਵਿਚ ਬਾਹਰਲੇ ਸੂਬਿਆਂ ਵਿਸ਼ੇਸ਼ ਤੌਰ 'ਤੇ ਉਤਰ ਪ੍ਰਦੇਸ਼ ਤੋਂ ਸਸਤੇ ਭਾਅ 'ਤੇ ਝੋਨਾ ਖ਼ਰੀਦ ਕੇ ਵੇਚਣ ਲਈ ਟਰੱਕ ਰਾਹੀਂ ਝੋਨਾ ਲਿਆਂਦਾ ਜਾ ਰਿਹਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ, ਪੰਜਾਬ ਰਾਜ ਮੰਡੀ ਬੋਰਡ ਅਤੇ ਪੰਜਾਬ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਵਿਚ 69 ਟਰੱਕ ਫੜੇ ਗਏ ਹਨ। ਸ੍ਰੀ ਆਸ਼ੂ ਨੇ ਕਿਹਾ ਕਿ ਬੋਗਸ ਬਿਲਿੰਗ ਕਰਨ ਵਾਲਿਆਂ ਵਿਰੁਧ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਪੰਜਾਬ ਪੁਲਿਸ ਵਲੋਂ ਸਾਂਝੀ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਵਲੋਂ ਸੂਬੇ ਵਿਚ ਕਿਸੇ ਨੂੰ ਵੀ ਬੋਗਸ ਬਿਲਿੰਗ ਨਹੀਂ ਕਰਨ ਦਿਤੀ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਬੀਤੇ ਦਿਨੀਂ ਵੀ 12 ਮਿੱਲਾਂ 'ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਬੋਗਸ ਬਿਲਿੰਗ ਦੇ ਮੱਦੇਨਜ਼ਰ ਮਾਮਲੇ ਦਰਜ ਕੀਤੇ ਗਏ ਸਨ। ਖ਼ੁਰਾਕ ਮੰਤਰੀ ਨੇ ਦਸਿਆ ਕਿ ਇਸ ਕਾਰਵਾਈ ਦੌਰਾਨ ਪਟਿਆਲਾ ਦੇ ਸ਼ੰਭੂ ਬਾਰਡਰ ਅਤੇ ਰਾਮਨਗਰ ਤੋਂ 43 ਟਰੱਕ, ਬਲਬੇੜਾ ਤੋਂ 1 ਟਰੱਕ ਫੜੇ ਗਏ ਜਿਸ ਤੇ 24 ਟਰੱਕਾਂ ਵਾਲਿਆਂ ਵਿਰੁਧ ਐਫ਼.ਆਈ.ਆਰ. ਦਰਜ ਕਰ ਦਿਤੀ ਗਈ ਜਦਕਿ ਬਾਕੀਆਂ ਬਣਦੀ ਕਾਰਵਾਈ ਅਮਲ ਅਧੀਨ ਹੈ। ਬਠਿੰਡਾ ਦੇ ਡੂਮਵਾਲੀ ਬੈਰੀਅਰ ਤੋਂ 13 ਟਰੱਕ ਫੜੇ ਗਏ ਜਿਨ੍ਹਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਮੋਗਾ ਦੇ ਐਮ.ਐਲ.ਇੰਟਰਪ੍ਰਾਈਜਿਜ ਵਿਰਧ 1, ਲੁਧਿਆਣਾ ਦੇ ਮਾਛੀਵਾੜਾ ਵਿਚ 7 ਆੜ੍ਹਤੀਆਂ ਵਿਰੁਧ, ਸੰਗਰੂਰ ਦੇ ਛਾਜਲੀ ਵਿਚ 1, ਤਰਨਤਾਰਨ ਦੇ ਹਰੀਕੇ ਵਿਚ 2 , ਫ਼ਤਹਿਗੜ੍ਹ ਸਾਹਿਬ 'ਚ 4 ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਸ਼੍ਰੀ ਮੁਕਤਸਰ ਸਾਹਿਬ ਵਿਚ ਵਿਚ 2 ਅਤੇ ਫਾਜ਼ਿਲਕਾ ਵਿਚ 1 ਪਰਚਾ ਦਰਜ ਕੀਤਾ ਗਿਆ ਅਤੇ ਡੀ.ਐਮ.ਓ.ਕਾਰਵਾਈ ਵੀ ਕੀਤੀ ਜਾ ਰਹੀ ਹੈ।