
ਕੰਵਲਜੀਤ ਸਿੰਘ ਬਖਸ਼ੀ ਅਤੇ ਪਰਮਜੀਤ ਕੌਰ ਪਰਮਾਰ ਦੇ ਸੰਸਦੀ ਸਫ਼ਰ ਨੂੰ ਤਿੰਨ ਸਾਲ ਦੀ ਬਰੇਕ
ਆਕਲੈਂਡ, 19 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਹੱਕ ਵਿਚ ਵਗੀ ਹਨੇਰੀ ਨੇ ਜਿੱਥੇ ਉਸ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾ ਦਿਤਾ ਹੈ, ਉਥੇ 3 ਦਰਜਨ ਤੋਂ ਵੱਧ ਨਵੇਂ ਐਮ.ਪੀ. ਬਣ ਗਏ ਹਨ ਅਤੇ ਕਈਆਂ ਨੂੰ ਸਾਲਾਂ ਬਾਅਦ ਜਾਣਾ ਪਿਆ ਹੈ।
ਸ. ਕੰਵਲਜੀਤ ਸਿੰਘ ਬਖਸ਼ੀ ਨੇ ਪੰਜਵੀਂ ਵਾਰ ਸਾਂਸਦ ਬਣਨਾ ਸੀ। ਨਿਊਜ਼ੀਲੈਂਡ ਦੀ 49ਵੀਂ ਸੰਸਦ ਵਿਚ ਨੈਸ਼ਨਲ ਪਾਰਟੀ ਵਲੋਂ ਪਹਿਲੀ ਵਾਰ ਇਕ ਦਸਤਾਰਧਾਰੀ ਸਿੱਖ ਸ. ਕੰਵਲਜੀਤ ਸਿੰਘ ਬਖਸ਼ੀ (59) ਨੇ ਪੈਰ ਧਰਿਆ ਸੀ ਅਤੇ ਹੁਣ ਉਹ ਲਗਾਤਾਰ ਪੰਜਵੀਂ ਵਾਰ ਇਸ ਪਾਰਲੀਮੈਂਟ ਵਿਚ ਲਿਸਟ ਐਮ. ਪੀ. (ਮਿਕਸਡ ਮੈਂਬਰ ਪ੍ਰੋਪੇਸ਼ਨਲ) ਦੇ ਤੌਰ 'ਤੇ ਪਹੁੰਚਣ ਦੀ ਤਿਆਰੀ ਵਿਚ ਸਨ ਪਰ ਪ੍ਰਧਾਨ ਮੰਤਰੀ ਜੈਸਿੰਡਾ ਦੇ ਹੱਕ ਵਿਚ ਆਈ ਹਨੇਰੀ ਨੇ ਉਨ੍ਹਾਂ ਨੂੰ ਪਾਰਲੀਮੈਂਟ ਦੀ ਸੀਟ ਤੋਂ ਕਾਫੀ ਦੂਰ ਕਰ ਦਿਤਾ। ਇਸ ਹਨੇਰੀ ਨੇ 40 ਦੇ ਕਰੀਬ ਨਵੇਂ ਮੈਂਬਰ ਪਾਰਲੀਮੈਂਟ ਬਣਾ ਦਿਤੇ ਪਰ ਤਿੰਨ ਦਹਾਕਿਆਂ ਤਕ ਦੇ ਸਾਂਸਦ ਬਾਹਰ ਕਰ ਦਿਤੇ। ਸ. ਬਖਸ਼ੀ ਨੂੰ ਇਸ ਵਾਰ 3148 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਪੈਨਮਿਊਰ-ਉਟਾਹੂਹੂ ਹਲਕੇ ਦੀ ਜੇਤੂ ਉਮੀਦਵਾਰ ਜੈਨੀ ਸਾਲੇਸਾ ਨੂੰ 16251 ਵੋਟਾਂ ਪਈਆਂ। ਸ. ਬਖਸ਼ੀ ਨੇ ਸਮੁੱਚੀ ਭਾਰਤੀ ਕਮਿਊਨਿਟੀ ਦਾ ਧਨਵਾਦ ਕੀਤਾ ਹੈ। ਡਾ. ਪਰਮਜੀਤ ਕੌਰ ਪਰਮਾਰ ਨੇ ਤੀਜੀ ਵਾਰ ਪਹੁੰਚਣਾ ਸੀ। 2014 ਦੀਆਂ ਆਮ ਚੋਣਾਂ ਵਿਚ ਨੈਸ਼ਨਲ ਪਾਰਟੀ ਵਲੋਂ ਪਹਿਲੀ ਵਾਰ ਡਾ. ਪਰਮਜੀਤ ਕੌਰ ਪਰਮਾਰ (50) ਨੇ ਲਿਸਟ ਐਮ. ਪੀ. ਵਜੋਂ ਅਪਣਾ ਦਾਖ਼ਲਾ ਪੱਕਾ ਕੀਤਾ ਸੀ। ਇਸ ਤੋਂ ਬਾਅਦ 2017 ਦੀਆਂ ਚੋਣਾਂ ਵਿਚ ਫਿਰ ਦੁਬਾਰਾ ਉਹ ਲਿਸਟ ਸੰਸਦੀ ਮੈਂਬਰ ਚੁਣੇ ਗਏ। 2013 ਦੇ ਵਿਚ ਇਹ ਫੈਮਿਲੀ ਕਮਿਸ਼ਨ ਦੀ ਮੈਂਬਰ ਬਣੀ। ਦੋ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਇੰਡੀਆ ਗਈ।
ਆਮ ਚੋਣਾਂ 2020 ਦੇ ਆਏ ਨਤੀਤਿਆਂ ਅਨੁਸਾਰ ਡਾ. ਪਰਮਜੀਤ ਪਰਮਾਰ ਤੀਜੀ ਵਾਰ ਪਾਰਲੀਮੈਂਟ ਵਿਚ ਲਿਸਟ ਐਮ. ਪੀ. ਵਜੋਂ ਪਹੁੰਚ ਗਏ ਹਨ। ਲਿਸਟ ਰੈਂਕਿੰਗ ਵਿਚ ਉਨ੍ਹਾਂ ਦਾ 27ਵਾਂ ਸਥਾਨ ਸੀ। ਡਾ. ਪਰਮਾਰ ਨੂੰ 6638 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਹਲਕੇ ਮਾਊਂਟ ਰੌਸਕਿਲ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਮਾਈਕਲ ਵੁਡ ਨੂੰ 14680 ਵੋਟਾਂ ਪਈਆਂ। ਜੈਸਿੰਡਾ ਦੀ ਹਨੇਰੀ ਦੇ ਵਿਚ ਇਹ ਵੀ ਸਾਂਸਦ ਵਾਲੀ ਹਰੀ ਕੁਰਸੀ ਤੋਂ ਕਾਫੀ ਦੂਰ ਚਲੇ ਗਏ ਹਨ। ਦੋਹਾਂ ਨੇਤਾਵਾਂ ਦੇ ਸੰਸਦੀ ਸਫ਼ਰ ਨੂੰ ਤਿੰਨ ਸਾਲ ਦੀ ਬਰੇਕ ਮਿਲ ਚੁੱਕੀ ਹੈ।