ਵਿਧਾਨ ਸਭਾ ਦੇ ਬਾਹਰ ਹੰਗਾਮਾ ਭਰਪੂਰ ਰਹੀ ਰਾਜਨੀਤੀ
Published : Oct 20, 2020, 1:12 am IST
Updated : Oct 20, 2020, 1:13 am IST
SHARE ARTICLE
image
image

ਵਿਧਾਨ ਸਭਾ ਦੇ ਬਾਹਰ ਹੰਗਾਮਾ ਭਰਪੂਰ ਰਹੀ ਰਾਜਨੀਤੀ

ਕਾਂਗਰਸ, ਅਕਾਲੀ ਦਲ ਤੇ 'ਆਪ' ਨੇ ਖੇਡੇ ਆਪੋ-ਅਪਣੇ ਦਾਅ

ਚੰਡੀਗੜ੍ਹ, 19 ਅਕਤੂਬਰ (ਸੁਰਜੀਤ ਸਿੰਘ ਸੱਤੀ) : ਕਿਸਾਨੀ ਮੁੱਦਿਆਂ 'ਤੇ ਬੁਲਾਏ ਗਏ ਵਿਧਾਨ ਸਭਾ ਦੇ ਦੋ ਦਿਨਾ ਸੈਸ਼ਨ ਦਾ ਪਹਿਲਾ ਦਿਨ ਵਿਧਾਨ ਸਭਾ ਦੇ ਬਾਹਰ ਹੰਗਾਮੇਦਾਰ ਰਾਜਨੀਤੀ ਤੋਂ ਭਰਪੂਰ ਰਿਹਾ। ਜਿਥੇ ਅਕਾਲੀ ਦਲ ਦੇ ਵਿਧਾਇਕ ਕਿਸਾਨੀ ਦੇ ਪ੍ਰਤੀਕ ਟਰੈਕਟਰਾਂ 'ਤੇ ਵਿਧਾਨ ਸਭਾ ਪੁੱਜੇ, ਉਥੇ ਕੁਝ ਕਾਂਗਰਸੀ ਵਿਧਾਇਕਾਂ ਨੇ ਵੀ ਟਰੈਕਟਰ 'ਤੇ ਚੜ੍ਹ ਕੇ ਵਿਧਾਨ ਸਭਾ ਪੁੱਜਣ ਦੀ ਤਰਕੀਬ ਵਰਤੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਕੇਂਦਰੀ ਖੇਤੀ ਸੋਧ ਐਕਟ ਦੇ ਵਿਰੋਧ ਦਾ ਵਿਖਾਵਾ ਕਰਨ ਲਈ ਕਾਲੇ ਚੋਗੇ ਪਹਿਨੇ ਅਤੇ ਐਕਟ ਦੀਆਂ ਕਾਪੀਆਂ ਸਾੜੀਆਂ। ਰਾਜਸੀ ਦਲਾਂ ਦੇ ਇਨ੍ਹਾਂ ਦਾਅ ਪੇਚਾਂ ਦੇ ਦਰਮਿਆਨ ਕਾਂਗਰਸੀ ਤੇ ਭਾਜਪਾਈ ਵਿਦਿਆਰਥੀ ਜਥੇਬੰਦੀਆਂ ਵੀ ਅਪਣੇ ਏਜੰਡੇ ਲੈ ਕੇ ਸੜਕਾਂ 'ਤੇ ਉਤਰੀਆਂ।




ਸੋਮਵਾਰ ਨੂੰ ਸੈਸ਼ਨ 'ਚ ਜਾਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਟਰੈਕਟਰਾਂ 'ਤੇ ਵਿਧਾਨ ਸਭਾ ਵਲ ਤੁਰੇ ਪਰ ਉਨ੍ਹਾਂ ਨੂੰ ਚੌਕ 'ਤੇ ਰੋਕ ਲਿਆ ਗਿਆ। ਹਾਲਾਂਕਿ ਪੁਲਿਸ ਨਾਲ ਬਹਿਸ ਉਪਰੰਤ ਵਿਧਾਇਕ ਵਿਧਾਨ ਸਭਾ ਚੌਕ ਤਕ ਟਰੈਕਟਰ ਲੈ ਕੇ ਗਏ ਤੇ ਅੱਗਿਉਂ ਪੈਦਲ ਵਿਧਾਨ ਸਭਾ ਪੁੱਜੇ। ਵਿਧਾਇਕਾਂ ਨੇ ਪੁਲਿਸ ਵਲੋਂ ਰੋਕਣ 'ਤੇ ਵਿਰੋਧ ਸਵਰੂਪ ਕਿਹਾ ਕਿ ਇਹ ਕਿਸੇ ਨਿਯਮ ਵਿਚ ਨਹੀਂ ਲਿਖਿਆ ਕਿ ਵਿਧਾਨ ਸਭਾ ਤਕ ਟਰੈਕਟਰ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਪੰਜਾਬ ਵਿਚ ਟਰੈਕਟਰ ਚਲਾ ਸਕਦਾ ਹੈ ਤਾਂ ਵਿਧਾਇਕ ਵਿਧਾਨ ਸਭਾ ਤਕ ਕਿਉਂ ਟਰੈਕਟਰ ਨਹੀਂ ਲਿਜਾ ਸਕਦੇ।
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਸਰਕਾਰ ਨੇ ਨਾ ਹੀ ਅੱਜ ਦੇ ਏਜੰਡੇ ਵਿਚ ਕੇਂਦਰੀ ਐਕਟ ਨੂੰ ਖ਼ਾਰਜ ਕਰਨ ਲਈ ਬਿਲ ਪਾਇਆ ਤੇ ਨਾ ਹੀ ਕਿਸੇ ਨੂੰ ਇਸ ਬਿਲ ਦਾ ਖਰੜਾ ਦਿਤਾ ਗਿਆ, ਜਦਕਿ ਇਹ ਸੈਸ਼ਨ ਵਿਸ਼ੇਸ਼ ਕਰ ਕੇ ਕਿਸਾਨੀ ਮੁੱਦਿਆਂ 'ਤੇ ਹੀ ਆਧਾਰਤ ਹੈ। ਉਨ੍ਹਾਂ ਕਿਹਾ ਕਿ ਖਰੜੇ ਤੋਂ ਬਗ਼ੈਰ ਬਹਿਸ ਕਿਵੇਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸਰਕਾਰ ਨੂੰ ਪੰਜਾਬ ਵਿਚ ਖੁਲ੍ਹੀ ਮੰਡੀ 'ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ ਅਤੇ ਤਜਵੀਜ਼ ਬਣਾ ਦੇਣੀ ਚਾਹੀਦੀ ਹੈ ਕਿ ਜੋ ਵੀ ਐਮਐਸਪੀ ਤੋਂ ਘੱਟ ਕੀਮਤ 'ਤੇ ਫ਼ਸਲ ਲਵੇਗਾ, ਉਸ ਵਿਰੁਧ ਸਖ਼ਤ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਹੋਵੇਗੀ।
ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਿਧਾਨ ਸਭਾ ਪੁੱਜੇ 'ਆਪ' ਵਿਧਾਇਕਾਂ ਨੇ ਵੀ ਖਰੜਾ ਨਾ ਮਿਲਣ 'ਤੇ ਸਖ਼ਤ ਵਿਰੋਧ ਜਿਤਾਇਆ। 'ਆਪ' ਵਿਧਾਇਕ ਕਾਲੇ ਚੋਲੇ ਪਾ ਕੇ ਵਿਧਾਨ ਸਭਾ ਪੁੱਜੇ ਅਤੇ ਕੇਂਦਰੀ ਖੇਤੀ ਐਕਟ ਦੀਆਂ ਕਾਪੀਆਂ ਫਾੜੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਭਲਾਈ ਲਈ ਕੇਂਦਰੀ ਐਕਟ ਨੂੰ ਨਿਸਫ਼ਲ ਕਰਨ ਲਈ ਬਿਲ ਲਿਆਉਣਾ ਚਾਹੀਦਾ ਹੈ। ਇਸ ਮੌਕੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਪਰਮਿੰਦਰ ਸਿੰਘ ਪਿੰਕੀ ਵੀ ਟਰੈਕਟਰ ਲੈ ਕੇ ਵਿਧਾਨ ਸਭਾ ਪੁੱਜੇ, ਉਨ੍ਹਾਂ ਕਿਹਾ ਕਿ ਟਰੈਕਟਰ ਕਿਸਾਨੀ ਦਾ ਪ੍ਰਤੀਕ ਹੈ ਤੇ ਕਾਲੇ ਕਾਨੂੰਨ ਨੂੰ ਰੱਦ ਕਰਨਾ ਹੀ ਕਾਂਗਰਸ ਦਾ ਮੁੱਖ ਉਦੇਸ਼ ਹੈ।
ਇਸੇ ਦੌਰਾਨ ਭਾਜਪਾ ਦੀ ਵਿਦਿਆਰਥੀ ਇਕਾਈ ਏਬੀਵੀਪੀ ਨੇ ਪੰਜਾਬ ਭਵਨ ਤੋਂ ਵਿਧਾਨ ਸਭਾ ਵਲ ਕੂਚ ਕੀਤਾ ਪਰ ਉਨ੍ਹਾਂ ਨੂੰ ਵਿਧਾਨ ਸਭਾ ਨੂੰ ਜਾਂਦੇ ਰਾਹ 'ਤੇ ਸਕੱਤਰੇਤ ਚੌਕ 'ਤੇ ਹੀ ਰੋਕ ਲਿਆ ਗਿਆ। ਵਿਦਿਆਰਥੀ ਜਥੇਬੰਦੀ ਦਲਿਤਾਂ ਦੇ ਵਜ਼ੀਫ਼ੇ ਵਿਚ ਘੁਟਾਲੇ ਦੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਸੀ ਤੇ ਪੁਲਿਸ ਨੇ ਥੋੜੀ ਜ਼ੋਰ ਜਬਰੀ ਕਰ ਕੇ ਉਨ੍ਹਾਂ ਨੂੰ ਪਿੱਛੇ ਮੋੜ ਦਿਤਾ। ਦੂਜੇ ਪਾਸੇ ਯੂਥ ਕਾਂਗਰਸੀਆਂ ਨੇ ਵੀ ਪੰਜਾਬ ਸਕੱਤਰੇਤ ਚੌਕ ਦੇ ਨੇੜੇ ਕਾਂਗਰਸ ਪੱਖੀ ਨਾਹਰੇਬਾਜ਼ੀ ਕੀਤੀ ਤੇ ਕੈਪਟਨ ਵਲੋਂ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਲਈ ਲਿਆਂਦੇ ਜਾ ਰਹੇ ਬਿਲਾਂ ਦੀ ਸ਼ਲਾਘਾ ਕੀਤੀ।

SHARE ARTICLE

ਏਜੰਸੀ

Advertisement

Khadur Sahib ਤੋਂ ਬੀਬੀ ਖਾਲੜਾ ਕਿਉਂ ਨਹੀਂ? Amritpal ਆਇਆ ਅੱਗੇ! ਪੰਥਕ ਪਾਰਟੀ ਨੇ ਕਿਉਂ ਨਹੀਂ ਪਿੱਛੇ ਲਿਆ ਆਪਣਾ....

30 May 2024 9:01 AM

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM
Advertisement