
ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੂੰ ਕੀਤਾ ਸਨਮਾਨਤ
ਸ਼੍ਰੀ ਅਨੰਦਪੁਰ ਸਾਹਿਬ, 19 ਅਕਤੂਬਰ (ਸੁਖਵਿੰਦਰ ਸੁੱਖੂ): ਖ਼ਾਲਸਾ ਦਰਬਾਰ ਦਿਵਸ ਸਮੇਂ ਪੁਰਾਤਨ ਚਲਦੀ ਆਉਂਦੀ ਪਰੰਪਰਾ ਅਨੁਸਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਲਬਲ ਸਮੇਤ ਹਜ਼ੂਰ ਸਾਹਿਬ ਪੁੱਜੇ। ਉੱਥੋਂ ਦੀਆਂ ਸੰਗਤਾਂ ਵਲੋਂ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਹੈ।
ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਜਾਣਕਾਰੀ ਦੇਂਦਿਆਂ ਦਸਿਆ ਕਿ ਏਅਰਪੋਰਟ ਤੋਂ ਵਿਸ਼ੇਸ਼ ਕਾਫ਼ਲੇ ਦੇ ਰੂਪ ਵਿਚ ਸੰਗਤਾਂ ਉਨ੍ਹਾਂ ਨੂੰ ਤਖ਼ਤ ਸਾਹਿਬ ਤੀਕ ਲੈ ਕੇ ਪੁੱਜੀਆਂ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਉਪਰੰਤ ਤਖ਼ਤ ਸਾਹਿਬ ਦੀ ਪੁਰਾਤਨ ਰਵਾਇਤ ਮੁਤਾਬਕ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਵੰਤ ਸਿੰਘ ਦੀ ਅਗਵਾਈ ਵਿਚ ਪੰਜ ਪਿਆਰਿਆਂ ਵਲੋਂ ਬਾਬਾ ਬਲਬੀਰ ਸਿੰਘ ਨੂੰ ਦਸਤਾਰ, ਚੋਲਾ, ਸ੍ਰੀ ਸਾਹਿਬ, ਦੁਸ਼ਾਲਾ, ਸਿਰਪਾਉ ਨਾਲ ਸਨਮਾਨਤ ਕੀਤਾ ਗਿਆ। ਏਸੇ ਤਰ੍ਹਾਂ ਹੀ ਗੁਰਦੁਆਰਾ ਲੰਗਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਅਕਾਲੀ 96 ਕਰੋੜੀ ਬਾਬਾ ਬਲਬੀਰ ਸਿੰਘ ਨੇ ਲੰਗਰ ਲਈ ਦੋ ਲੱਖ ਇਕ ਹਜ਼ਾਰ ਰੁਪਏ ਵੀ ਭੇਂਟ ਕੀਤੇ ਅਤੇ ਬਾਬਾ ਬਲਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਨਾਲ ਪੰਥਕ ਵਿਚਾਰਾਂ ਸਾਂਝੀਆਂ ਕੀਤੀਆਂ, ਦੋਹਾਂ ਮਹਾਂਪੁਰਸ਼ਾਂ ਵਲੋਂ ਸਾਂਝੇ ਤੌਰ ਤੇ ਨਿਹੰਗ ਮੁਖੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਹਜ਼ੂਰ ਸਾਹਿਬ ਪੁਜਣ ਲਈ ਮੁਬਾਰਕਬਾਦ ਦਿਤੀ।
ਇਸ ਮੌਕੇ ਉਨ੍ਹਾਂ ਨਾਲ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਵਿਸ਼ਵ ਬਾਬਾ ਪ੍ਰਤਾਪ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਗੁਰਮੁੱਖ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਸਰਵਨ ਸਿੰਘ ਮਝੈਲ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਜੋਧ ਸਿੰਘ, ਬਾਬਾ ਕਰਮ ਸਿੰਘ ਆਦਿ ਕਾਫ਼ਲੇ ਵਿਚ ਸ਼ਾਮਲ ਸਨ।