
ਨਿਊਜ਼ੀਲੈਂਡ ’ਚ ਵਿਰੋਧੀ ਧਿਰ ਦੀ ਸਲਾਹ ’ਤੇ ਸੱਤਾਧਾਰੀ ਧਿਰ ਨੇ ਘਰਾਂ ਦੀ ਪੂਰਤੀ ਲਈ ਨੀਤੀ ਐਲਾਨੀ
ਔਕਲੈਂਡ 19 ਅਕਤੂਬਰ, (ਹਰਜਿੰਦਰ ਸਿੰਘ ਬਸਿਆਲਾ) : ਕਿਸੇ ਵੀ ਦੇਸ਼ ਦੀ ਸੱਤਾਧਾਰੀ ਸਰਕਾਰ ਬਹੁਤ ਘੱਟ ਹੁੰਦਾ ਹੋਵੇਗਾ ਕਿ ਉਹ ਵਿਰੋਧੀ ਧਿਰ ਦੀ ਸਲਾਹ ਮੰਨ ਕੇ ਅਪਣੀ ਨੀਤੀ ਬਣਾਉਂਦੀ ਹੋਵੇ। ਪਰ ਨਿਊਜ਼ੀਲੈਂਡ ਦੀ ਲੇਬਰ ਸਰਕਾਰ ਨੇ ਜਿਥੇ ਇਹ ਕਾਰਜ ਕਰ ਕੇ ਇਤਿਹਾਸਕ ਫ਼ੈਸਲਾ ਕੀਤਾ ਹੈ ਉਥੇ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੀ ਨੇਤਾ ਜੂਡਿਥ ਕੌਲਿਨ ਨੂੰ ਇਸ ਐਲਾਨ ਮੌਕੇ ਬਰਾਬਰ ਖੜਾ ਕਰਨਾ ਪਰਸਪਰ ਸਤਿਕਾਰ ਅਤੇ ਕਾਬਲੀਅਤ ਨੂੰ ਪ੍ਰਵਾਨ ਕਰਨਾ ਹੈ। ਲੇਬਰ ਪਾਰਟੀ ਤੋਂ ਹਾਊਸਿੰਗ ਮੰਤਰੀ ਮੈਗਨ ਵੁਡਜ਼ ਸ਼ਾਮਲ ਹੋਈ। ਇਸ ਤੋਂ ਵੀ ਇਹ ਵੀ ਕਈਆਂ ਨੂੰ ਸਿਖਿਆ ਮਿਲੇਗੀ ਕਿ ਵਿਰੋਧੀ ਧਿਰ ਤੋਂ ਕੁਝ ਸਿਖਿਆ ਵੀ ਜਾ ਸਕਦਾ।
ਨਿਊਜ਼ੀਲੈਂਡ ’ਚ ਜੇਕਰ ਤੁਸੀਂ ਰਿਹਾਇਸ਼ ਵਾਸਤੇ ਕੋਈ ਨਵਾਂ ਘਰ ਜਾਂ ਮੌਜੂਦਾ ਘਰਾਂ ਵਿਚ ਹੋਰ ਵਾਧਾ ਕਰਨਾ ਹੋਵੇ ਤਾਂ ਕਈ ਤਰ੍ਹਾਂ ਦੀ ਪ੍ਰਵਾਨਗੀ ਸਥਾਨਕ ਕੌਂਸਲ ਕੋਲੋਂ ਲੈਣੀ ਹੁੰਦੀ ਹੈ। ਔਕਲੈਂਡ ਖੇਤਰ ਅਤੇ ਹੋਰ ਕਈ ਮਹਾਨਗਰਾਂ ਦੇ ਵਿਚ ਘਰਾਂ ਦੀ ਪੂਰਤੀ ਨੂੰ ਲੈ ਕੇ ਲੇਬਰ ਸਰਕਾਰ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ ਹਰ ਸਾਲ 10,000 ਘਰ ਬਣਾਉਣ ਦਾ ਟੀਚਾ ਪੂਰਾ ਕਰੇਗੀ ਅਤੇ ਇਹ 10 ਸਾਲ ਤਕ ਚਲੇਗਾ। ਇਸ ਤਰ੍ਹਾਂ ਇਕ ਲੱਖ ਘਰ ਬਣਾ ਕੇ ਲੋਕਾਂ ਨੂੰ ਦੇਣੇ ਸਨ ਤਾਂ ਕਿ ਪਹਿਲਾ ਘਰ ਲੈਣ ਵਾਲੇ ਵਾਜਬ ਕੀਮਤ ਉਤੇ ਘਰ ਲੈ ਸਕਣ। ਪਰ ਸਰਕਾਰ ਇਹ ਨਿਸ਼ਾਨਾ ਪੂਰਾ ਨਹੀਂ ਸੀ ਕਰ ਸਕੀ। ਇਸ ਮਸਲੇ ’ਤੇ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੀ ਨੇਤਾ ਸ੍ਰੀਮਤੀ ਜੂਡਿਥ ਕੌਲਿਨ ਨੇ ਜਨਵਰੀ ਮਹੀਨੇ ਲੇਬਰ ਸਰਕਾਰ ਨੂੰ ਸੁਝਾਅ ਪੇਸ਼ ਕੀਤੇ ਸਨ, ਫਿਰ ਅਪ੍ਰੈਲ ਮਹੀਨੇ ਇਸ ਸਬਧੀ ਬਿਲ ਪੇਸ਼ ਕੀਤਾ ਗਿਆ ਸੀ। ਜੂਨ ਮਹੀਨੇ ਇਹ ਸੁਝਾਅ ਲੇਬਰ ਪਾਰਟੀ ਨੇ ਅਪਣੀ ਹਾਊਸਿੰਗ ਨੀਤੀ ਵਿਚ ਸ਼ਾਮਲ ਕਰਕੇ ਅੱਜ ਇਕ ਸਾਂਝੀ ਹਾਊਸਿੰਗ ਨੀਤੀ ਦਾ ਐਲਾਨ ਕੀਤਾ ਹੈ। ਸਰਕਾਰ ਇਸ ਸਾਲ ਦੇ ਅੰਤ ਤਕ ਇਹ ਬਿਲ ਲੈ ਕੇ ਆਵੇਗੀ ਅਤੇ ਅਗਲੇ ਸਾਲ ਅਗੱਸਤ 2022 ਵਿਚ ਇਹ ਲਾਗੂ ਹੋ ਸਕਦਾ ਹੈ। ਅਗੱਸਤ 2023 ਵਿਚ ਨੈਸ਼ਨਲ ਪਾਲਿਸੀ ਸਟੇਟਮੈਂਟ ਆਨ ਅਰਬਲ ਡਿਵੈਲਪਮੈਂਟ ਵੀ ਵੱਡੇ ਰੂਪ ਵਿਚ ਸਾਹਮਣੇ ਆਵੇਗੀ।