
ਕਿਹਾ,ਜੋ ਬੇਅਦਬੀ ਦਾ ਮੁੱਦਾ ਬਣਿਆ ਹੈ ਉਹ ਗੁਰੂ ਸਾਹਿਬ ਦੀ ਨਹੀਂ ਸਗੋਂ 'ਸਰਬ ਲੋਹ ਪੋਥੀ' ਦੀ ਹੋਈ ਹੈ
ਚੰਡੀਗੜ੍ਹ : ਸ਼੍ਰੋਮਣੀ ਕਮੇਟੀ ਵਲੋਂ ਪਾਸ ਕੀਤੇ ਮਤਿਆਂ ਬਾਰੇ ਰਣਜੀਤ ਸਿੰਘ ਢੱਡਰੀਆਂਵਾਲਾ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਇੱਕ ਵੀਡੀਓ ਸਾਂਝੀ ਕਰ ਕੇ ਕਿਹਾ ਕਿ ਇਸ ਬਾਬਤ ਮੇਰੀ ਪਹਿਲਾਂ ਹੀ ਬੀਬੀ ਜਗੀਰ ਕੌਰ ਨਾਲ ਗੱਲ ਹੋ ਗਈ ਸੀ ਪਰ ਲਗਦਾ ਹੈ ਕਿ ਉਨ੍ਹਾਂ ਨੂੰ ਮੇਰੀ ਗੱਲ ਸਮਝ ਨਹੀਂ ਆਈ।
ਢੱਡਰੀਆਂਵਾਲਾ ਨੇ ਕਿਹਾ ਕਿ ਜੋ ਵੀਡੀਓ ਮੈਂ ਸਾਂਝੀ ਕੀਤੀ ਸੀ ਉਸ ਵਿਚ 'ਦਰਬਾਰ ਸਾਹਿਬ' ਸ੍ਰੀ ਹਰਮੰਦਿਰ ਸਾਹਿਬ ਨੂੰ ਨਹੀਂ ਕਿਹਾ ਸੀ ਪਰ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਗ਼ਲਤ ਢੰਗ ਨਾਲ ਸਮਝਿਆ ਹੈ ਅਤੇ ਪੇਸ਼ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਪਿੰਡ ਵਿਚ ਸਥਿਤ ਗੁਰਦੁਆਰਿਆਂ ਨੂੰ ਦਰਬਾਰ ਨਹੀਂ ਕਿਹਾ ਜਾ ਸਕਦਾ ?
ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸਵਾਲ ਕਰਦਿਆਂ ਕਿਹਾ ਕਿ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਚ ਕੀ ਕੀ ਬਣਿਆ ਹੈ ? ਉਨ੍ਹਾਂ ਉਦਹਾਰਣ ਦਿੰਦਿਆਂ ਕਿਹਾ, ''ਸਰੋਵਰ, ਸਰਾਂ, ਲੰਗਰ ਹਾਲ ਅਤੇ ਜਿਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਉਹ ਜਗ੍ਹਾ ਜਿਸ ਨੂੰ 'ਦਰਬਾਰ' ਕਹਿੰਦੇ ਹਨ।
ਇਸੇ ਤਰ੍ਹਾਂ ਹਰ ਪਿੰਡ ਵਿਚ ਦਰਬਾਰ ਸਾਹਿਬ ਹੈ ਪਰ ਤੁਸੀਂ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ ਪਹਿਲਾਂ ਟਕਸਾਲੀ ਕਰਦੇ ਸਨ ਤੇ ਹੁਣ ਸ਼੍ਰੋਮਣੀ ਕਮੇਟੀ ਨੇ ਢੱਡਰੀਆਂਵਾਲੇ ਵਿਰੁੱਧ ਮਤਾ ਪਾ ਕੇ ਇਸ ਖ਼ਬਰ ਨੂੰ ਵੱਡੇ ਪੱਧਰ 'ਤੇ ਨਸ਼ਰ ਕੀਤਾ ਹੈ ਕਿ ਢੱਡਰੀਆਂਵਾਲਾ ਸ੍ਰੀ ਹਰਿਮੰਦਰ ਸਾਹਿਬ ਬਾਰੇ ਗ਼ਲਤ ਬੋਲ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਹੋਰ ਦਰਬਾਰ ਦਰਬਾਰ ਨਹੀਂ ?
ਉਨ੍ਹਾਂ ਕਿਹਾ ਕਿ ਮੈਂ ਜੋ ਵੀਡੀਓ ਸਾਂਝੀ ਕੀਤੀ ਸੀ ਅਤੇ ਜੋ ਕੁਝ ਵੀ ਬੋਲਿਆ ਸੀ ਉਹ ਸਿੱਧਾ ਅਤੇ ਸਾਫ ਸੀ ਜੋ ਸਾਰੇ ਲੋਕਾਂ ਨੂੰ ਸਮਝ ਆ ਗਿਆ ਪਰ ਇਨ੍ਹਾਂ (ਸ਼੍ਰੋਮਣੀ ਕਮੇਟੀ) ਨੂੰ ਸਮਝ ਨਹੀਂ ਆਇਆ ਜਾਂ ਫਿਰ ਬੀਬੀ ਜਗੀਰ ਕੌਰ ਸਮਝਣਾ ਹੀ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਬੀਬੀ ਜਗੀਰ ਕੌਰ ਨੇ ਪੂਰੀ ਵੀਡੀਓ ਸੁਣੇ ਬਗ਼ੈਰ ਹੀ ਇਹ ਮਤਾ ਪਾਸ ਕਰ ਦਿੱਤਾ ਹੈ ਕਿਉਂਕਿ ਪੂਰੀ ਵੀਡੀਓ ਵਿਚ ਮੈਂ ਗੁਰੂਦੁਆਰਾ ਸਾਹਿਬ ਹੀ ਬੋਲ ਰਿਹਾ ਹਾਂ। ਉਨ੍ਹਾਂ ਕਿਹਾ ਕਿ ਗੁਰੂ ਅਸਥਾਨ ਬਹੁਤ ਵੱਡੇ ਹਨ ਅਤੇ ਉਨ੍ਹਾਂ ਗੁਰੂ ਘਰਾਂ ਵਿਚ ਬੈਠ ਕੇ ਤੁਸੀਂ ਠੀਕ ਗੱਲ ਕਰੋ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਬਿਆਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਜੋ ਉਨ੍ਹਾਂ ਕਿਹਾ ਕਿ ਇਹ ਇੱਕ ਡੂੰਗੀ ਸਾਜਸ਼ ਹੈ ਅਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਢੱਡਰੀਆਂਵਾਲਾ ਨੇ ਕਿਹਾ ਕਿ ਜਿਹੜਾ ਬੰਦਾ ਉਥੇ ਮਾਰਿਆ ਗਿਆ ਉਹ ਭੋਲਾ ਭਲਾ ਬੰਦਾ ਸੀ ਜਿਸ ਨੂੰ ਉਥੇ ਬ੍ਰੇਨ ਵਾਸ਼ ਕਰ ਕੇ ਲਿਜਾਇਆ ਗਿਆ ਸੀ ਅਤੇ ਜਿਨ੍ਹਾਂ ਨੇ ਮਾਰਿਆ ਹੈ ਉਹ ਵੀ ਜਾਨ ਬੁਝ ਕੇ ਕੀਤਾ ਅਤੇ ਉਸ ਨੂੰ ਵੱਢਿਆ ਟੁੱਕਿਆ ਗਿਆ। ਉਨ੍ਹਾਂ ਕਿਹਾ ਕਿ ਜੋ ਬੇਅਦਬੀ ਦਾ ਮੁੱਦਾ ਬਣਿਆ ਹੈ ਉਹ ਗੁਰੂ ਸਾਹਿਬ ਦੀ ਨਹੀਂ ਸਗੋਂ 'ਸਰਬ ਲੋਹ ਪੋਥੀ' ਦੀ ਹੋਈ ਹੈ ਸਗੋਂ ਬੇਅਦਬੀ ਤਾਂ ਹੋਈ ਹੀ ਨਹੀਂ, 'ਪੋਥੀ' ਦੇ ਅੰਗ ਜਾਂ ਪੱਤਰੇ ਪਾਟੇ ਨਹੀਂ ਸਨ।
ਉਨ੍ਹਾਂ ਨੇ ਆਪਣੀ ਵੀਡੀਓ ਬਾਰੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਜੋ ਵੀ ਮੈਂ ਗੱਲਾਂ ਕਹੀਆਂ ਸਨ ਉਹ ਬੀਤੇ ਸਮੇਂ ਵਿਚ ਵਾਪਰੀਆਂ ਕੁਝ ਘਟਨਾਵਾਂ ਕਰ ਕੇ ਕਹੀਆਂ ਸਨ, ਜਿਵੇਂ ਨਾਭਾ ਵਿਖੇ ਗ੍ਰੰਥੀ ਸਿੰਘ ਦੀ ਕੁੜੀ ਨੂੰ ਮਿਲਣ ਆਏ ਇਕ ਲੜਕੇ ਦਾ ਕਤਲ ਹੋਇਆ ਅਤੇ ਮੁੱਦਾ ਗੁਰੂ ਸਾਹਿਬ ਦੀ ਬੇਅਦਬੀ ਦਾ ਬਣਾ ਦਿੱਤਾ। ਇਸ ਤੋਂ ਇਲਾਵਾ ਗੁਰਦਾਸਪੁਰ ਵਿਚ ਰਾਤ ਕੱਟਣ ਆਏ ਇੱਕ ਫ਼ੌਜੀ ਦੀਪਕ ਕੁਮਾਰ ਨਾਲ ਸ਼ੱਕ ਦੇ ਅਧਾਰ 'ਤੇ ਗੁਰਦੁਆਰੇ ਵਿਚ ਕੁੱਟਮਾਰ ਕੀਤੀ ਗਈ ਜਿਸ ਦੀ ਗੰਭੀਰ ਜ਼ਖਮੀ ਹੋਣ ਕਾਰਨ ਬਾਅਦ ਵਿਚ ਮੌਤ ਹੋ ਗਈ ਸੀ।
ਇਨ੍ਹਾਂ ਘਟਨਾਵਾਂ ਦੀ ਉਦਹਾਰਣ ਦਿੰਦਿਆਂ ਕਿਹਾ ਕਿ ਇਨ੍ਹਾਂ ਦਾ ਕੁਝ ਪਤਾ ਨਹੀਂ ਹੈ ਕੇ ਮੱਥਾ ਟੇਕਣ ਆਏ ਵਿਅਕਤੀ ਨੂੰ ਵੀ ਬੇਅਦਬੀ ਦੇ ਨਾਮ 'ਤੇ ਮਾਰ ਦੇਣ। ਉਨ੍ਹਾਂ ਅਪੀਲ ਕੀਤੀ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਨਾ ਕੀਤਾ ਜਾਵੇ। ਇਹ ਸਿਰਫ ਪਿੰਡਾਂ ਦੇ ਦਰਬਾਰਾਂ ਬਾਰੇ ਕਿਹਾ ਸੀ ਨਾ ਕਿ ਸ੍ਰੀ ਹਰਿਮੰਦਿਰ ਸਾਹਿਬ ਬਾਰੇ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ CBI ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਘਟਨਾ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਲਈ ਇਕ ਸਾਜਸ਼ ਤਹਿਤ ਕਰਵਾਈ ਗਈ ਸੀ। ਵੱਡੇ ਬੰਦਿਆਂ ਵਲੋਂ ਮਰਨ ਵਾਲਾ ਵੀ ਤਿਆਰ ਕੀਤਾ ਗਿਆ ਅਤੇ ਮਾਰਨ ਵਾਲੇ ਵੀ ਤਿਆਰ ਕੀਤੇ ਗਏ ਸਨ ਜਿਸ ਦੇ ਸਬੂਤ ਵੀ ਸਾਹਮਣੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਬੁਰਾ ਭਲਾ ਜਿਨ੍ਹਾਂ ਮਰਜ਼ੀ ਕਹਿ ਲਾਓ ਪਰ ਜੋ ਸੱਚ ਹੈ ਉਹ ਸੱਚ ਹੀ ਰਹੇਗਾ, ਉਹ ਗੁਰੂ ਗ੍ਰੰਥ ਸਾਹਿਬ ਨਹੀਂ ਸਗੋਂ ਸਰਬ ਲੋਹ ਦੀ ਪੋਥੀ ਸੀ। ਉਨ੍ਹਾਂ ਇਕ ਵਾਰ ਫਿਰ ਬੀਬੀ ਜਗੀਰ ਕੌਰ ਤੋਂ ਜਵਾਬ ਮੰਗਿਆ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਕਿਉਂ ਪੇਸ਼ ਕੀਤਾ ਗਿਆ ਹੈ ?