
ਸਿੱਖਜ਼ ਆਫ਼ ਯੂ.ਐਸ.ਏ. ਸੰਸਥਾ ਹਰ ਸਾਲ ਗਿਆਰਾਂ ਐਵਾਰਡ ਦੇਵੇਗੀ : ਡਾ. ਗਿੱਲ
ਵਾਸ਼ਿੰਗਟਨ ਡੀ. ਸੀ., 19 ਅਕਤੂਬਰ (ਗਿੱਲ) : ਸਿੱਖਜ਼ ਆਫ਼ ਯੂ.ਐਸ.ਏ. ਸੰਸਥਾ ਨੇ ਇਕ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਹੈ ਕਿ ਹਰ ਸਾਲ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਮਰੀਕੀ ਸਿੱਖਾਂ ਨੂੰ ਵੱਖ-ਵੱਖ ਖੇਤਰਾਂ ਵਿਚ ਪੁਰਸਕਾਰ ਦਿਤੇ ਜਾਣਗੇ। ਇਸ ਵਿਚ ਔਰਤਾਂ ਅਤੇ ਮਰਦਾਂ ਦੋਹਾਂ ਦੀਆਂ ਕਾਰਗੁਜ਼ਾਰੀਆਂ ਨੂੰ ਘੋਖਿਆ ਜਾਵੇਗਾ। ਹਰ ਖੇਤਰ ਵਿਚ ਘੱਟੋ-ਘੱਟ ਪੰਜ ਸਾਲਾਂ ਦੀ ਕਾਰਗੁਜ਼ਾਰੀ ਵਿਚ ਬਿਹਤਰੀਨ ਸੇਵਾ ਉਪਲਬਧ ਤੇ ਮੁਹਈਆ ਕਰਨ ਵਾਲੀ ਕਾਰਗੁਜ਼ਾਰੀ ਨੂੰ ਰਖਿਆ ਜਾਵੇਗਾ।
ਹਰ ਸਾਲ ਜਨਵਰੀ ਵਿਚ ਇੱਕ ਪ੍ਰਫ਼ਾਰਮਾਂ ਜਾਰੀ ਕੀਤਾ ਜਾਵੇਗਾ। ਜੋ ਆਨ-ਲਾਈਨ ਵੀ ਉਪਲਬਧ ਹੋਵੇਗਾ। ਜੋ 30 ਮਾਰਚ ਤਕ ਭਰ ਕੇ ਭੇਜਣਾ ਹੋਵੇਗਾ। ਅਪ੍ਰੈਲ ਦੇ ਪਹਿਲੇ ਹਫ਼ਤੇ ਸਾਰੇ ਪ੍ਰਾਫ਼ਾਰਮੇ ਵੱਖੋ-ਵੱਖ ਖੇਤਰਾਂ ਵਾਲੀ ਸੱਤ ਮੈਂਬਰੀ ਕਮੇਟੀ ਘੋਖੇਗੀ ਅਤੇ ਨਿਰੀਖਣ ਉਪਰੰਤ ਚੋਣ ਕੀਤੇ ਵਿਅਕਤੀਆਂ ਦੀ ਲਿਸਟ ਸਕੱਤਰ ਜਨਰਲ ਨੂੰ ਸੌਂਪੇਗੀ। ਜੋ ਪ੍ਰੈੱਸ ਰਾਹੀਂ ਨਾਵਾਂ ਦਾ ਐਲਾਨ ਕਰਨਗੇ।
ਐਵਾਰਡ ਸਮਾਗਮ ਕੈਪੀਟਲ ਹਿਲ ਵਾਸ਼ਿੰਗਟਨ ਡੀ. ਸੀ. ਵਿਖੇ ਕਰਵਾਇਆ ਜਾਵੇਗਾ। ਜਿਥੇ ਐਵਾਰਡ ਉਪ ਰਾਸ਼ਟਰਪਤੀ ਕੋਲੋਂ ਦਿਵਾਏ ਜਾਣਗੇ। ਜਿਸ ਲਈ ਰਾਬਤਾ ਹੁਣ ਤੋਂ ਹੀ ਕਾਇਮ ਕੀਤਾ ਜਾਵੇਗਾ। ਇਹ ਵੀ ਸੁਝਾਅ ਆਇਆ ਹੈ ਕਿ ਗਿਆਰਾ ਸੈਨੇਟਰ ਤੇ ਕਾਂਗਰਸਮੈਨ ਦਾ ਪੈਨਲ ਬਣਾਇਆ ਜਾਵੇ ਜੋ ਇਨ੍ਹਾਂ ਐਵਾਰਡ ਨੂੰ ਦੇਣ ਦੀ ਕਾਰਵਾਈ ਕਰਨਗੇ। ਐਵਾਰਡ ਦਾ ਫ਼ੈਸਲਾ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਸ਼ਮਸੇਰ ਸਿੰਘ ਸੰਧੂ ਗੀਤਕਾਰ, ਗੁਰਨੇਕ ਸਿੰਘ ਸਾਬਕਾ ਵੀ. ਸੀ. ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਡਾ. ਨਵਜੋਤ ਕੌਰ ਸਿੱਧੂ, ਅਰਵਿੰਦ ਸਿੰਘ ਚਾਵਲਾ ਵੀ. ਸੀ., ਸੁਦਾਗਰ ਸਿੰਘ ਖਾਰਾ ਓ. ਐਸ. ਡੀ., ਰਛਪਾਲ ਸਿੰਘ ਢੀਂਡਸਾ ਯੁਨਾਇਟਿਡ ਮਿਸ਼ਨ ਕੈਲੀਫ਼ੋਰਨੀਆ ਅਤੇ ਮਨਦੀਪ ਕੌਰ ਭੱਠਲ ਸ਼ਾਮਲ ਹਨ।