
ਲਖੀਮਪੁਰ ਖੇੜੀ ਹਿੰਸਾ ਮਾਮਲੇ ’ਤੇ ਅੱਜ ਸੁਣਵਾਈ ਕਰੇਗੀ ਸੁਪਰੀਮ ਕੋਰਟ
ਨਵੀਂ ਦਿੱਲੀ, 19 ਅਕਤੂਬਰ : ਸੁਪਰੀਮ ਕੋਰਟ ਲਖੀਮਪੁਰ ਖੇੜੀ ਵਿਚ 3 ਅਕਤੂਬਰ ਨੂੰ ਹੋਈ ਹਿੰਸਾ ਮਾਮਲੇ ਵਿਚ ਅੱਜ ਸੁਣਵਾਈ ਕਰੇਗੀ। ਇਸ ਘਟਨਾ ਵਿਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਪ੍ਰਧਾਨ ਜੱਜ ਐਨਵੀ ਰਮਣ, ਜੱਜ ਸੂਰਿਆਕਾਂਤ ਅਤੇ ਜੱਜ ਹਿਮਾ ਕੋਹਲੀ ਦੀ ਇਕ ਬੈਂਚ ਮਾਮਲੇ ’ਤੇ ਸੁਣਵਾਈ ਕਰੇਗੀ। ਇਸੇ ਬੈਂਚ ਨੇ ਅੱਠ ਲੋਕਾਂ ਦੀ ਬੇਰਹਿਮੀ ਨਾਲ ਹਤਿਆ ਮਾਮਲੇ ਵਿਚ ਉਤਰ ਪ੍ਰਦੇਸ਼ ਸਰਕਾਰ ਦੀ ਕਾਰਵਾਈ ’ਤੇ 8 ਅਕਤੂਬਰ ਨੂੰ ਨਾਰਾਜ਼ਗੀ ਜ਼ਾਹਰ ਕੀਤੀ ਸੀ।
ਮਾਮਲੇ ਵਿਚ ਹਾਲੇ ਤਕ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਜੇਆਈ ਨੂੰ ਇਕ ਚਿੱਠੀ ਲਿਖ ਕੇ ਦੋ ਵਕੀਲਾਂ ਨੇ ਘਟਨਾ ਦੀ ਉਚ ਪਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ ਸੀ, ਜਿਸ ਵਿਚ ਸੀਬੀਆਈ ਨੂੰ ਵੀ ਸ਼ਾਮਲ ਕਰਨ ਦੀ ਮੰਗ ਵੀ ਕੀਤੀ ਗਈ ਸੀ। ਇਸ ਤੋਂ ਬਾਅਦ ਹੀ ਸਿਖਰਲੀ ਅਦਾਲਤ ਨੇ ਮਾਮਲੇ ’ਤੇ ਸੁਣਵਾਈ ਸ਼ੁਰੂ ਕੀਤੀ। ਯਾਦ ਰਹੇ ਕਿ ਬੀਤੀ 3 ਅਕਤੂਬਰ ਨੂੰ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਦੀ ਯਾਤਰਾ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਮੰਤਰੀ ਦੇ ਪੁੱਤਰ ਨੇ ਤੇਜ਼ ਰਫ਼ਤਾਰ ਜੀਪ ਨਾਲ ਦਰੜ ਦਿਤਾ ਸੀ ਜਿਸ ਨਾਲ ਮੌਕੇ ’ਤੇ 4 ਕਿਸਾਨਾਂ ਦੀ ਮੌਤ ਹੋ ਗਈ ਸੀ ਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਮੌਕੇ ’ਤੇ ਹੀ ਹਾਲਕ ਅਤੇ 3 ਭਾਜਪਾ ਵਰਕਰਾਂ ਦੀ ਹਤਿਆ ਕਰ ਦਿਤੀ ਸੀ। ਇਸ ਘਟਨਾ ਦੌਰਾਨ ਸਥਾਨਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ। (ਏਜੰਸੀ)