
ਐਫ਼.ਬੀ.ਆਈ. ਕਰੇਗਾ ਬਲਜੀਤ ਸਿੰਘ ਦੇ ਰੈਸਤਰਾਂ 'ਤੇ ਹੋਏ ਹਮਲੇ ਦੀ ਜਾਂਚ
ਵਾਸ਼ਿੰਗਟਨ, 19 ਅਕਤੂਬਰ : ਦਖਣੀ ਅਮਰੀਕੀ ਸੂਬੇ ਨਿਊ ਮੈਕਸੀਕੋ ਦੀ ਰਾਜਧਾਨੀ ਸਾਂਤਾ ਫੇਅ ਵਿਚ ਇਕ ਮਸ਼ਹੂਰ ਭਾਰਤੀ ਰੈਸਤਰਾਂ 'ਤੇ ਪਿਛਲੇ ਸਾਲ ਹੋਏ ਹਮਲੇ ਦੀ ਜਾਂਚ ਹੁਣ ਸੰਘੀ ਜਾਂਚ ਬਿਊਰੋ (ਐਫ਼ਬੀਆਈ) ਕਰੇਗਾ | ਖ਼ਬਰਾਂ ਅਨੁਸਾਰ ਜੂਨ 2020 ਵਿਚ ਇਕ ਸਿੱਖ ਵਿਅਕਤੀ ਦੇ 'ਇੰਡੀਆ ਪੈਲੇਸ' ਨਾਮ ਦੇ ਰੈਸਤਰਾਂ ਵਿਚ ਅਣਪਛਾਤੇ ਦੰਗਈਆਂ ਨੇ ਭੰਨਤੋੜ ਕੀਤੀ ਸੀ ਅਤੇ ਰਸੋਈ, ਭੋਜਨ ਅਹਾਤੇ ਅਤੇ ਭੰਡਾਰ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਰੈਸਤਰਾਂ ਦੀਆਂ ਕੰਧਾਂ 'ਤੇ ਸਪਰੇਅ ਪੇਂਟ ਨਾਲ 'ਟਰੰਪ-2020' ਅਤੇ ਨਸਲੀ ਟਿੱਪਣੀਆਂ ਨਾਲ ਨਫ਼ਰਤੀ ਸੁਨੇਹੇ ਲਿਖੇ ਸਨ | ਖ਼ਬਰਾਂ ਮੁਤਾਬਕ ਇਸ ਨਾਲ ਰੈਸਤਰਾਂ ਮਾਲਕ ਨੂੰ ਕਰੀਬ ਇਕ ਲੱਖ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਸੀ | ਇਕ ਸਥਾਨ ਵੈਬਸਾਈਟ ਅਨੁਸਾਰ ਇਸ ਰੈਸਤਰਾਂ ਨੂੰ 2013 ਵਿਚ ਬਲਜੀਤ ਸਿੰਘ ਨੇ ਖ਼ਰੀਦਿਆ ਸੀ ਅਤੇ ਇਸ ਦਾ ਸੰਚਾਲਨ ਉਸ ਦਾ ਪੁੱਤਰ ਬਲਜੋਤ ਸਿੰਘ ਕਰਦਾ ਹੈ | ਸਾਂਤਾ ਫ਼ੇਅ ਪੁਲਿਸ ਨੇ ਇਸ ਘਟਨਾ ਨੂੰ ਨਫ਼ਰਤੀ ਅਪਰਾਧ ਕਰਾਰ ਦਿਤਾ ਸੀ | ਘਟਨਾ ਦੇ 16 ਮਹੀਨੇ ਬੀਤ ਜਾਣ ਦੇ ਬਾਵਜੂਦ ਹੁਣ ਤਕ ਦੋਸ਼ ਤੈਅ ਨਹੀਂ ਹੋਏ | (ਏਜੰਸੀ)