
ਉਤਰਾਖੰਡ : ਮੋਹਲੇਧਾਰ ਮੀਂਹ ਕਾਰਨ 23 ਹੋਰ ਮੌਤਾਂ, ਨੈਨੀਤਾਲ ਦਾ ਸੂਬੇ ਦੇ ਹੋਰ ਹਿੱਸਿਆਂ ਨਾਲੋਂ ਸੰਪਰਕ ਟੁਟਿਆ
ਬੱਦਲ ਫਟਣ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਕਈ ਲੋਕਾਂ ਦੇ ਮਲਬੇ ’ਚ ਦਬੇ
ਦੇਹਰਾਦੂਨ/ਨੈਨੀਤਾਲ, 19 ਅਕਤੂਬਰ : ਉਤਰਾਖੰਡ ਦੇ ਵੱਖ-ਵੱਖ ਹਿੱਸਿਆਂ, ਖਾਸ ਤੌਰ ਤੋਂ ਕੁਮਾਊਂ ਖੇਤਰ ’ਚ ਮੋਹਲੇਧਾਰ ਮੀਂਹ ਕਾਰਨ ਮੰਗਲਵਾਰ ਨੂੰ 23 ਹੋਰ ਲੋਕਾਂ ਦੀ ਮੌਤ ਹੋ ਗਈ। ਮੀਂਹ ਕਾਰਨ ਕਈ ਮਕਾਨ ਢਹਿ ਗਏ ਅਤੇ ਕਈ ਲੋਕ ਮਲਬੇ ’ਚ ਫਸੇ ਹੋਏ ਹਨ। ਜ਼ਮੀਨ ਖਿਸਕਣ ਕਾਰਨ ਨੈਨੀਤਾਲ ਤਕ ਜਾਣ ਵਾਲੀਆਂ ਤਿੰਨ ਸੜਕਾਂ ਰੁਕਣ ਕਾਰਨ ਇਸ ਪ੍ਰਸਿੱਧ ਸੈਰ-ਸਪਾਟਾ ਸਥਾਨ ਦਾ ਰਾਜ ਦੇ ਬਾਕੀ ਹਿਸਿਆਂ ਨਾਲ ਸੰਪਰਕ ਟੁੱਟ ਗਿਆ ਹੈ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੇਹਰਾਦੂਨ ’ਚ ਪੱਤਰਕਾਰਾਂ ਨੂੰ ਦਸਿਆ ਕਿ ਮੰਗਲਵਾਰ ਨੂੰ ਮੀਂਹ ਨਾਲ ਸਬੰਧਤ ਘਟਨਾਵਾਂ ’ਚ 23 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਕਈ ਲੋਕਾਂ ਦੇ ਮਲਬੇ ’ਚ ਫਸੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦਸਿਆ ਕਿ ਇਸ ਦੇ ਨਾਲ ਹੀ ਉਤਰਾਖੰਡ ’ਚ ਮੀਂਹ ਨਾਲ ਸਬੰਧਤ ਘਟਨਾਵਾਂ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ 28 ਹੋ ਗਈ ਹੈ। ਸੋਮਵਾਰ ਨੂੰ 5 ਲੋਕਾਂ ਦੀ ਮੌਤ ਹੋਈ ਸੀ। ਧਾਮੀ ਨੇ ਭਰੋਸਾ ਦਿਤਾ ਕਿ ਫ਼ੌਜ ਦੇ ਤਿੰਨ ਹੈਲੀਕਾਪਟਰ ਰਾਜ ’ਚ ਚਲ ਰਹੀਆਂ ਰਾਹਤ ਅਤੇ ਬਚਾਅ ਮੁਹਿੰਮਾਂ ’ਚ ਮਦਦ ਕਰਨ ਲਈ ਜਲਦ ਪਹੁੰਚਣਗੇ। ਵੱਖ-ਵੱਖ ਥਾਂਵਾਂ ’ਤੇ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਇਨ੍ਹਾਂ ’ਚੋਂ 2 ਹੈਲੀਕਾਪਟਰਾਂ ਨੂੰ ਨੈਨੀਤਾਲ ਅਤੇ ਇਕ ਨੂੰ ਗੜ੍ਹਵਾਲ ਖੇਤਰ ’ਚ ਭੇਜਿਆ ਜਾਵੇਗਾ।
ਨੈਨੀਤਾਲ ’ਚ ਮਾਲ ਰੋਡ ਅਤੇ ਨੈਨੀ ਝੀਲ ਦੇ ਕਿਨਾਰੇ ਸਥਿਤ ਨੈਨਾ ਦੇਵੀ ਮੰਦਰ ’ਚ ਹੜ੍ਹ ਆ ਗਿਆ ਹੈ, ਜਦੋਂ ਕਿ ਜ਼ਮੀਨ ਖਿਸਕਣ ਕਾਰਨ ਇਕ ਹੋਸਟਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਨੈਨੀਤਾਲ ਤੋਂ ਪ੍ਰਾਪਤ ਇਕ ਰਿਪੋਰਟ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ’ਚ ਫਸੇ ਸੈਲਾਨੀਆਂ ਦੀ ਮਦਦ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸ਼ਹਿਰ ’ਚ ਆਉਣ ਵਾਲੇ ਅਤੇ ਬਾਹਰ ਜਾਣ ਵਾਲੇ ਵਾਹਨਾਂ ’ਚ ਸਵਾਰ ਯਾਤਰੀਆਂ ਨੂੰ ਚੌਕਸ ਕਰਨ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਯਾਤਰੀਆਂ ਨੂੰ ਮੀਂਹ ਬੰਦ ਹੋਣ ਤਕ ਠਹਿਰਣ ਲਈ ਕਿਹਾ ਜਾ ਰਿਹਾ ਹੈ। ਰਾਮਨਗਰ-ਰਾਣੀਖੇਤ ਮਾਰਗ ’ਤੇ ਲੇਮਨ ਟ੍ਰੀ ਰਿਜ਼ਾਰਟ ’ਚ ਕਰੀਬ 100 ਲੋਕ ਫਸ ਗਏ ਹਨ ਅਤੇ ਕੋਸੀ ਨਦੀ ਦਾ ਪਾਣੀ ਰਿਜਾਰਟ ’ਚ ਦਾਖ਼ਲ ਹੋ ਰਿਹਾ ਹੈ। (ਏਜੰਸੀ)