
ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਚੀਫ਼ ਵਿੱਪ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨੀ ਨਿੰਰਕਾਰੀ ਸਤਿਸੰਗ ਭਵਨ ਤੇ ਹੋਏ...
ਚੰਡੀਗੜ੍ਹ (ਸਸਸ) : ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਚੀਫ਼ ਵਿੱਪ ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨੀ ਨਿੰਰਕਾਰੀ ਸਤਿਸੰਗ ਭਵਨ ਤੇ ਹੋਏ ਗਰਨੇਡ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਹਮਲੇ ਵਿਚ ਹੋਈਆਂ ਮੌਤਾਂ ਤੇ ਦੁੱਖ ਅਤੇ ਜ਼ਖ਼ਮੀਆਂ ਨਾਲ ਹਮਦਰਦੀ ਪ੍ਰਗਟਾਈ। ਉਨਾਂ ਕਿਹਾ ਕਿ ਇਹ ਘਟਨਾ ਅਤਿ ਮੰਦਭਾਗੀ ਹੈ ਅਤੇ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਦਾ ਫਾਇਦਾ ਉਠਾ ਕੇ ਇਨਸਾਨ ਦੇ ਰੂਪ ਚ ਸ਼ੈਤਾਨ ਅਪਣੇ ਸ਼ੈਤਾਨੀ ਕਾਰਿਆਂ ਨੂੰ ਅੰਜਾਂਮ ਦੇ ਕੇ ਬੇਗੁਨਾਹਾਂ ਦੇ ਖ਼ੂਨ ਦੀ ਹੋਲੀ ਵਹਾ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਇਸ ਤੋਂ ਵੀ ਵੱਧ ਦੁੱਖ ਦੀ ਗੱਲ ਹੈ ਕਿ ਸਿਆਸੀ ਆਗੂ, ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦੇ ਇਸ ‘ਤੇ ਫਾਲਤੂ ਦੀ ਬਿਆਨਬਾਜ਼ੀ ਕਰ ਰਹੇ ਹਨ। ਉਨਾਂ ਕਿਹਾ ਕਿ ਬਿਨਾ ਕਿਸੇ ਜਾਂਚ ਅਤੇ ਸਬੂਤ ਦੇ ਇਸ ਅਣਮਨੁੱਖੀ ਵਹਿਸ਼ੀ ਕਾਰੇ ਦੀ ਜਿੰਮੇਵਾਰੀ ਸਰਬੱਤ ਦਾ ਭਲਾ ਮੰਗਣ ਵਾਲੀ ਅਤੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਇਨਸਾਫ਼ ਮੰਗ ਰਹੀ ਸਿੱਖ ਕੌਮ ਤੇ ਸੁੱਟ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਅਸੀਂ ਚਾਹੁੰਦੇਂ ਹਾਂ ਕਿ ਜਿਸ ਨੇ ਵੀ ਇਹ ਘਿਣਾਉਣਾ ਕਾਰਾ ਕੀਤਾ ਜਾ ਕਰਵਾਇਆ ਹੈ ਉਸ ਨੂੰ ਸਜ਼ਾ ਮਿਲੇ, ਪਰੰਤੂ ਬਿਨਾਂ ਕਿਸੇ ਜਾਂਚ, ਤੱਥ ਅਤੇ ਸਬੂਤ ਦੇ ਇਕ ਖਾਸ ਧਿਰ ਨੂੰ ਨਿਸ਼ਾਨਾ ਬਣਾ ਕੇ ਭਾਈਚਾਰਕ ਸਾਂਝ ਨੂੰ ਤੋੜਨ ਵਾਲੇ ਲੋਕਾਂ ਨੂੰ ਅਜਿਹਾ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸੋਚਣ ਕਿ ਇਸ ਅਣਮਨੁੱਖੀ ਕਾਰੇ ਦਾ ਕਿਸ ਧਿਰ ਨੂੰ ਫਾਇਦਾ ਹੋ ਰਿਹਾ ਹੈ ਅਤੇ ਕਿਸ ਧਿਰ ਦਾ ਨੁਕਸਾਨ ਅਤੇ ਨਾਲ ਹੀ ਜਾਂਚ ਏਜੰਸੀਆਂ ਨੂੰ ਵੀ ਹਰ ਗੱਲ ਤੇ ਵਿਦੇਸ਼ੀ ਹੱਥ ਕਹਿ ਕੇ ਸੁਰਖਰੂ ਨਾ ਹੋਣ ਦੀ ਸਲਾਹ ਦਿਤੀ।