
ਪਰਲ ਗਰੁੱਪ ਦੇ ਮਾਲਕ ਅਤੇ ਪੰਜਾਬ ਦੇ ਕਰੀਬ 25 ਲੱਖ ਲੋਕਾਂ ਨਾਲ ਧੋਖਾ ਕਰ ਕੇ ਉਨਾਂ ਦੇ 10 ਹਜ਼ਾਰ ਕਰੋੜ ਰੁਪਏ ਹੜੱਪਣ ਵਾਲੇ...
ਚੰਡੀਗੜ (ਸ.ਸ.ਸ) : ਪਰਲ ਗਰੁੱਪ ਦੇ ਮਾਲਕ ਅਤੇ ਪੰਜਾਬ ਦੇ ਕਰੀਬ 25 ਲੱਖ ਲੋਕਾਂ ਨਾਲ ਧੋਖਾ ਕਰ ਕੇ ਉਨਾਂ ਦੇ 10 ਹਜ਼ਾਰ ਕਰੋੜ ਰੁਪਏ ਹੜੱਪਣ ਵਾਲੇ ਨਿਰਮਲ ਭੰਗੂ ਨੂੰ ਸਰਕਾਰ ਦੁਆਰਾ ਗਿ੍ਰਫ਼ਤਾਰੀ ਤੋਂ ਬਾਅਦ ਵੀ ਵੀਆਈਪੀ ਸੁਵਿਧਾਵਾਂ ਦੇਣ ਦਾ ਆਮ ਆਦਮੀ ਪਾਰਟੀ ਨੇ ਸਖ਼ਤ ਵਿਰੋਧ ਕੀਤਾ ਹੈ। ਪਾਰਟੀ ਨੇ ਇਸ ਨੂੰ ਗ਼ਰੀਬ ਲੋਕਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਣਾ ਕਰਾਰ ਦਿੱਤਾ। ਪਾਰਟੀ ਦੇ ਚੰਡੀਗੜ ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਨੋਟ ਵਿਚ ਪਾਰਟੀ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਘੋਟਾਲੇਬਾਜਾਂ ਨਾਲ ਮਿਲੀ ਹੋਈ ਹੈ।
ਤਾਂ ਹੀ ਉਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਲੋਕਾਂ ਨਾਲ ਧੋਖਾ ਕਰ ਰਹੇ ਹਨ। ਉਨਾਂ ਕਿਹਾ ਕਿ ਇਹ ਅਤਿ ਨਿੰਦਣਯੋਗ ਹੈ ਕਿ ਸਰਕਾਰ ਲੱਖਾਂ ਲੋਕਾਂ ਦੇ ਘਰ ਉਜਾੜਨ ਵਾਲਿਆਂ ਨੂੰ ਸਜਾ ਦੇਣ ਦੀ ਥਾਂ ਸਰਕਾਰੀ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਉਨਾਂ ਦੀ ਫ਼ਾਲਤੂ ਦੀ ਸੁਰੱਖਿਆ ਅਤੇ ਐਸ਼ੋ-ਅਰਾਮ ਉੱਤੇ ਪੰਜਾਬ ਦੇ ਲੋਕਾਂ ਦੇ ਖ਼ੂਨ ਪਸੀਨੇ ਨਾਲ ਕਮਾਏ ਲੱਖਾਂ ਰੁਪਏ ਬਰਬਾਦ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਸੂਬੇ ਭਰ ਵਿਚ ਅਧਿਆਪਕ, ਕਿਸਾਨ, ਨੌਜਵਾਨ ਅਤੇ ਹੋਰ ਵਰਗ ਹਰ ਰੋਜ਼ ਧਰਨੇ ਮੁਜ਼ਾਹਰੇ ਕਰ ਰਹੇ ਹਨ ਪਰੰਤੂ ਸਰਕਾਰ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਲੱਗਾ ਕੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਤੱਕ ਨਹੀਂ ਦੇ ਰਹੀ।
ਦੂਸਰੇ ਪਾਸੇ ਬਿਮਾਰੀ ਦਾ ਬਹਾਨਾ ਲੱਗਾ ਕੇ ਹਵਾਲਾਤ ਤੋਂ ਹਸਪਤਾਲ ਵਿਚ ਆਰਾਮ ਫ਼ਰਮਾ ਰਹੇ ਪੰਨੂ ਉੱਤੇ ਪਿਛਲੇ ਕਰੀਬ ਢਾਈ ਸਾਲਾ ਵਿਚ 45 ਲੱਖ ਰੁਪਏ ਖ਼ਰਚ ਕਰ ਚੁੱਕੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪੰਨੂ ਨੂੰ ਪਹਿਲਾਂ ਤਿਹਾੜ ਜੇਲ ਤੋਂ ਬਠਿੰਡਾ ਜੇਲ ਅਤੇ ਫਿਰ ਮੁਹਾਲੀ ਦੇ ਹਸਪਤਾਲ ਵਿਚ ਭੇਜਣਾ ਕਈ ਸਵਾਲ ਖੜੇ ਕਰਦਾ ਹੈ। ਉਨਾਂ ਸਰਕਾਰ ਤੋਂ ਸਵਾਲ ਕਰਦਿਆਂ ਪੁੱਛਿਆ ਹੈ ਕਿ ਸਰਕਾਰ ਦੱਸੇ ਕਿ ਭੰਗੂ ਨੂੰ ਅਜਿਹੀ ਕਿਹੜੀ ਬਿਮਾਰੀ ਹੈ ਜਿਸ ਕਾਰਨ ਉਸ ਨੂੰ 29 ਵਿਚ 22 ਮਹੀਨੇ ਜੇਲ ਦੀ ਥਾਂ ਆਲੀਸ਼ਾਨ ਹਸਪਤਾਲ ਵਿਚ ਰੱਖਿਆ ਗਿਆ ਹੈ।
ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਚੀਮਾ ਨੇ ਕਿਹਾ ਕਿ ਸਰਕਾਰ ਭਿ੍ਰਸ਼ਟਾਚਾਰੀਆਂ ਅਤੇ ਧੋਖੇਬਾਜ਼ਾਂ ਦਾ ਸਾਥ ਛੱਡ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ। ਉਨਾਂ ਮੰਗ ਕੀਤੀ ਕਿ ਸਰਕਾਰ ਲੋਧਾ ਕਮਿਸ਼ਨ ਜਿਸ ਨੇ ਕਿ ਭੰਗੂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਵਿਚ ਧਿਰ ਬਣੇ ਅਤੇ ਕਮਿਸ਼ਨ ਤੋਂ ਮੰਗ ਕਰੇ ਕਿ ਜ਼ਬਤ ਕੀਤੀ ਜਾਇਦਾਦ ਦੀ ਨਿਲਾਮੀ ਕਰ ਕੇ ਪੀੜਤ ਲੋਕਾਂ ਦੇ ਵਿਆਜ ਸਮੇਤ ਪੈਸੇ ਵਾਪਸ ਕਰੇ। ਚੀਮਾ ਨੇ ਕਿਹਾ ਕਿ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਅਕਾਲੀ ਅਤੇ ਕਾਂਗਰਸੀ ਇੱਕੋ ਥਾਲ਼ੀ ਦੇ ਚੱਟੇ-ਬਟੇ ਹਨ। ਇਸੇ ਕਾਰਨ ਹੀ ਪਰਲ ਘੋਟਾਲੇ ਦੇ ਪੀੜਤਾਂ ਨੂੰ ਨਾ ਤਾਂ ਅਕਾਲੀ-ਭਾਜਪਾ ਸਰਕਾਰ ਸਮੇਂ ਅਤੇ ਨਾ ਹੀ ਮੌਜੂਦਾ ਸਰਕਾਰ ਸਮੇਂ ਇਨਸਾਫ਼ ਮਿਲਿਆ ਹੈ।