
ਪੰਜਾਬ ਅਧਿਕਾਰ ਯਾਤਰਾ ਦੇ ਅਖ਼ੀਰ ਵਿਚ ਬੈਂਸ ਭਰਾਵਾਂ ਕੀਤੀ ਸਪੀਕਰ ਕੋਲ ਪਟੀਸ਼ਨ ਦਾਇਰ
ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਤਕ ਲੋਕ ਇਨਸਾਫ਼ ਪਾਰਟੀ ਦਾ ਸੰਘਰਸ਼ ਜਾਰੀ ਰਹੇਗਾ : ਬੈਂਸ
ਚੰਡੀਗੜ੍ਹ, 19 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਲਈ ਕੱਢੀ ਜਾ ਰਹੀ ਚਾਰ ਰੋਜ਼ਾ ਪੰਜਾਬ ਅਧਿਕਾਰ ਯਾਤਰਾ ਦੇ ਅਖ਼ੀਰਲੇ ਦਿਨ ਪਟਿਆਲਾ ਦੇ ਗੁਰਦੁਆਰਾ ਦੂੱਖ ਨਿਵਾਰਨ ਸਾਹਿਬ ਤੋਂ ਗੁਰੁ ਸਾਹਿਬ ਦਾ ਅਸ਼ੀਰਵਾਦ ਲੈਂਦੇ ਹੋਏ ਸ਼ੁਰੂ ਕਰ ਕੇ ਬਹਾਦੁਰਗੜ੍ਹ, ਰਾਜਪੁਰਾ, ਬਨੂੰੜ, ਮੁਹਾਲੀ ਤਕ ਪਾਰਟੀ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿਚ ਪੁੱਜੇ ਅਤੇ ਇਸ ਉਪਰੰਤ ਪਾਰਟੀ ਅਹੁਦੇਦਾਰ ਅਰਦਾਸ ਕਰ ਕੇ 21 ਲੱਖ ਪੰਜਾਬੀਆਂ ਵਲੋਂ ਦਸਤਖ਼ਤ ਕੀਤੀ ਹੋਈ ਪਟੀਸ਼ਨ ਦੀਆਂ ਪੰਡਾਂ ਚੰਡੀਗੜ੍ਹ ਵਿਧਾਨ ਸਭਾ ਵਿਖੇ ਸਪੀਕਰ ਨੂੰ ਸੌਂਪੀਆਂ।
ਇਸ ਯਾਤਰਾ ਦਾ ਪੰਜਾਬ ਹਿਤੈਸ਼ੀਆਂ ਵਲੋਂ ਥਾਂ ਥਾਂ ਸੁਆਗਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਅਤੇ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਦਸਿਆ ਕਿ ਕੋਈ ਵੀ ਸੂਬਾ ਅਪਣੀ ਦਾਤ ਕਿਸੇ ਨੂੰ ਮੁਫ਼ਤ ਵਿਚ ਨਹੀ ਦਿੰਦਾ ਜਿਵੇਂ ਮਾਰਬਲ, ਕੋਲਾ, ਇਮਾਰਤੀ ਲੱਕੜੀ, ਕੱਚਾ ਤੇਲ ਆਦਿ ਮੁੱਲ ਮਿਲਦਾ ਹੈ ਤੇ ਪੰਜਾਬ ਦਾ ਪਾਣੀ ਹੀ ਕਿਉਂ ਮੁਫ਼ਤ ਦਿਤਾ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਹਰਿਆਣਾ ਅਤੇ ਰਾਜਸਥਾ ਦਿੱਲੀ ਤੋਂ ਅਪਣੇ ਪਾਣੀ ਦੀ ਕੀਮਤ ਵਸੂਲ ਕਰ ਰਿਹਾ ਹੈ ਅਤੇ ਹਿਮਾਚਲ ਨੇ ਵੀ ਦਿੱਲੀ
ਨਾਲ ਪਾਣੀ ਦੀ ਕੀਮਤ ਦਾ ਇਕਰਾਰਨਾਮਾ ਕੀਤਾ ਹੈ, ਫੇਰ ਪੰਜਾਬ ਅਪਣੇ ਪਾਣੀਆਂ ਦੀ ਕੀਮਤ ਕਿਉਂ ਨਹੀ ਵਸੂਲ
ਕਰ ਰਿਹਾ, ਇਸ ਲਈ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਪੰਜਾਬ ਦੇ ਪਾਣੀਆਂ ਦੇ ਬਿੱਲ ਬਣਾ ਕੇ ਭੇਜੇ ਜਾਣ ਅਤੇ ਉਨ੍ਹਾਂ ਦੀਆਂ ਕਾਪੀਆਂ ਕੇਂਦਰ ਸਰਕਾਰ ਨੂੰ ਭੇਜੀਆਂ ਜਾਣ।
ਉਨ੍ਹਾਂ ਸਪੀਕਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਤਿੰਨ ਮਹੀਨੇ ਦੇ ਅੰਦਰ ਅੰਦਰ ਉਪਰੋਕਤ ਸੂਬਿਆਂ ਨੂੰ ਪਾਣੀ ਦੇ ਬਿੱਲ ਨਹੀ ਭੇਜੇ ਜਾਂਦੇ ਤਾਂ ਜਿੱਥੋਂ ਨਹਿਰਾਂ ਰਾਹੀਂ ਰਾਜਸਥਾਨ ਨੂੰ ਪਾਣੀ ਜਾਂਦਾ ਹੈ, ਉੱਥੋਂ ਮੋਘੇ ਬਣਾ ਕੇ ਪੰਜਾਬ ਦੇ ਖੇਤਾਂ ਨੂੰ ਲੋਕ ਇਨਸਾਫ਼ ਪਾਰਟੀ ਪਾਣੀ ਦੇਵੇਗੀ। ਉਨ੍ਹਾਂ ਪਿੰਡ ਕੋਇਲ ਖੇੜਾ ਦੀ ਉਦਾਹਰਣ ਦਿੰਦੇ ਹੋਏ ਦਸਿਆ ਕਿ ਇਸ ਦੇ ਆਸ ਪਾਸ ਟਿਊਬਵੱੈਲਾਂ ਦਾ ਪਾਣੀ ਖੇਤੀ ਲਾਇਕ ਨਹੀਂ ਹੈ ਅਤੇ ਗਰਮੀ ਵਿਚ ਉੱਥੇ ਸੋਕਾ ਪੈ ਜਾਂਦਾ ਹੈ ਜਿਸ ਨਾਲ ਡੰਗਰ ਮਰ ਜਾਂਦੇ ਹਨ ਅਤੇ ਇਨਸਾਨਾਂ ਨੂੰ ਪੀਣ ਵਾਲਾ ਪਾਣੀ 1500 ਰੁਪਏ ਪ੍ਰਤੀ ਟੈਂਕਰ ਲੈਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਪੰਜਾਬ ਨੂੰ ਪਾਣੀ ਦੀ ਕੀਮਤ ਮਿਲਦੀ ਸੀ ਪ੍ਰੰਤੂ ਆਜ਼ਾਦੀ ਤੋਂ ਬਾਅਦ ਪੰਜਾਬ ਤੋਂ ਪਾਣੀ ਖੋਹ ਕੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਮੁਫ਼ਤ ਵਿਚ ਦੇ ਦਿਤਾ ਗਿਆ। ਉਨ੍ਹਾਂ ਕਿਹਾ ਕਿ ਇਕੱਲੇ ਰਾਜਸਥਾਨ ਵੱਲ 16 ਲੱਖ ਕਰੋੜ ਰੁਪਏ ਪਾਣੀ ਦੇ ਲੈਣ ਵਾਲੇ ਹਨ, ਜਿਸ ਨਾਲ ਪੰਜਾਬ ਭਾਰਤ ਦਾ ਹੀ ਨਹੀ ਸਗੋਂ ਦੁਨੀਆਂ ਦੇ ਅਮੀਰ ਸੂਬਿਆਂ ਦੀ ਗਿਣਤੀ ਵਿਚ ਆ ਜਾਵੇਗਾ। ਇਸ ਮੌਕੇ ਤੇ ਬੈਂਸ ਭਰਾਵਾਂ ਤੋਂ ਇਲਾਵਾ ਜਰਨੈਲ ਸਿੰਘ ਨੰਗਲ ਰਣਧਰਿ ਸਿੰਘ ਸਿਵਆ, ਬਲਦੇਵ ਪ੍ਰਧਾਨ, ਗਗਨਦੀਪ ਸਿੰਘ ਸੰਨੀ ਕੈਂਥ, ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ, ਪਵਨਦੀਪ ਸਿੰਘ ਮਦਾਨ, ਹਰਵਿੰਦਰ ਸਿੰਘ ਕਲੇਰ, ਰਣਜੀਤ ਸਿੰਘ ਘਟੋੜੇ, ਹਰਪਾਲ ਸਿੰਘ ਕੋਹਲੀ, ਜਸਵੀਰ ਸਿੰਘ ਭੁੱਲਰ, ਅਮ੍ਰਿਤਪਾਲ ਸਿੰਘ ਮੋਗਾ, ਰਾਜਪਾਲ ਸੋਨੀ, ਦਵਿੰਦਰਜੀਤ ਸਿੰਘ ਜ਼ੀਰਾ, ਜਗਜੋਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
ਤਸਵੀਰਾਂ-ਚੰਡੀਗੜ੍ਹ-ਬੈਂਸ,image ਬੈਂਸ 2
ਪਟੀਸ਼ਨ ਦੀਆਂ ਪੰਡਾਂ ਚੰਡੀਗੜ੍ਹ ਵਿਧਾਨ ਸਭਾ ਵਿਖੇ ਸਪੀਕਰ ਨੂੰ ਸੌਂਪਦੇ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਅਤੇ ਹੋਰ।