
ਜ਼ਮੀਨੀ ਵਿਵਾਦ! ਐਸ.ਸੀ. ਕਮਿਸ਼ਨ ਦੇ ਤਿੰਨ ਮੈਂਬਰ ਦੋਦਾ ਵਿਖੇ ਪੀੜਤ ਧਿਰ ਨੂੰ ਮਿਲੇ
ਦੋਦਾ, 19 ਨਵੰਬਰ (ਅਸ਼ੋਕ ਯਾਦਵ) : ਬੀਤੇ ਦਿਨੀਂ ਦੋਦਾ ਵਿਖੇ ਇਕ ਗ਼ਰੀਬ ਪਰਵਾਰ ਦੀ ਪੰਜ ਮਰਲੇ ਥਾਂ ਉਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਹੋਈ ਲੜਾਈ ਕਾਰਨ ਅਤੇ ਪੀੜਤ ਦਲਿਤ ਪਰਵਾਰ ਨੂੰ ਮਿਲਣ ਲਈ ਐਸ ਸੀ, ਐਸ ਟੀ ਕਮਿਸ਼ਨ ਦੇ ਚੇਅਰਮੈਨ ਤੇਜਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਕਮਿਸ਼ਨ ਦੇ ਤਿੰਨ ਮੈਂਬਰ ਗਿਆਨ ਚੰਦ, ਪ੍ਰਭ ਦਿਆਲ ਅਤੇ ਤਰਸੇਮ ਸਿੰਘ ਨੇ ਝਗੜੇ ਵਾਲੀ ਥਾਂ ਪੁੱਜ ਕੇ ਪਹਿਲਾਂ ਉਥੋਂ ਦੇ ਨੇੜਲੇ ਲੋਕਾਂ ਨੂੰ ਮਿਲ ਕੇ ਲੜਾਈ ਦੀ ਜਾਂਚ ਕੀਤੀ, ਜੋ ਸ਼ਰੇਆਮ ਸੜਕ ਕਿਨਾਰੇ ਲੋਕਾਂ ਦੇ ਸਾਹਮਣੇ ਪਿੰਡ ਦੇ ਕੁੱਝ ਲੋਕਾਂ ਵਲੋਂ ਗ਼ਰੀਬ ਔਰਤ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਅਤੇ ਉਸ ਨੂੰ ਡਾਂਗਾਂ ਨਾਲ ਕੁਟਿਆ ਗਿਆ ਹੈ, ਜੋ ਸਹੀ ਪਾਇਆ ਗਿਆ। ਇਸ ਉਪਰੰਤ ਸਮੂਹ ਐਸਸੀ ਐੈਸਟੀ ਕਮਿਸ਼ਨ ਮੈਂਬਰ ਪੀੜਤ ਔਰਤ ਨੂੰ ਮਿਲਣ ਲਈ ਮੁਢਲਾ ਸਿਹਤ ਕੇਂਦਰ ਦੋਦਾ ਵਿਖੇ ਗਏ।
ਜਿਥੇ ਔਰਤ ਨੇ ਅਪਣੀ ਗ਼ਰੀਬੀ ਦੇ ਨਾਲ-ਨਾਲ ਸਮੂਹ ਪਰਵਾਰ ਨਾਲ ਹੋਈ ਜ਼ਿਆਦਤੀ ਬਾਰੇ ਰੋ ਰੋ ਕੇ ਦਸਿਆ, ਇਸ ਥਾਂ ਦੀ ਸਾਡੇ ਹਾਜ਼ਰ ਬੈਠੇ ਬਜੁਰਗ ਨੇ 17 ਨਵੰਬਰ 1966 ਨੂੰ ਖ਼ਰੀਦ ਕੀਤੀ ਹੈ, ਜਿਸ ਦੀ ਰਜਿਸਟਰੀ ਸਾਡੇ ਮੌਜੂਦ ਹੈ। ਕਮਿਸ਼ਨ ਮੈਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੜਾਈ ਮੌਕੇ ਹਾਜ਼ਰ ਏ ਐਸ ਆਈ ਰਜਿੰਦਰ ਸਿੰਘ ਨੂੰ ਤੁਰਤ ਸਸਪੈਂਡ ਕਰਨ, ਪਹਿਲਾਂ ਚਾਰ ਵਿਅਕਤੀਆਂ ਵਿਰੁਧ ਦਰਜ ਕੀਤੇ ਮਾਮਲੇ ਵਿਚ ਉਨ੍ਹਾਂ ਉਤੇ ਐਸ ਸੀ, ਐਸ ਟੀ ਐਂਕਟ ਦਾ ਵਾਧਾ ਕਰਨ ਅਤੇ ਦੋਸ਼ੀਆਂ ਦੀ ਤੁਰਤ ਗ੍ਰਿਫ਼ਤਾਰੀ ਦੇ ਹੁਕਮ ਦਿੰਦਿਆਂ, ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ 30 ਨਵੰਬਰ ਨੂੰ ਐਸ ਸੀ ਐਸ ਟੀ ਕਮਿਸ਼ਨ ਦਫ਼ਤਰ ਚੰਡੀਗੜ੍ਹ ਵਿਖੇ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਅਤੇ ਨਾਲ ਹੀ ਐਸ ਐਚ ਓ ਕੋਟਭਾਈ ਲਵਮੀਤ ਕੌਰ ਨੂੰ, ਜਿੰਨਾ ਚਿਰ ਜਾਂਚ ਚਲਦੀ ਹੈ, ਥਾਣੇ ਤੋਂ ਲਾਂਭੇ ਰੱਖਣ ਦੇ ਵੀ ਆਦੇਸ਼ ਦਿਤੇ। ਉਨਾਂ ਕਿਹਾ ਕਿ ਪਤਾ ਲੱਗਾ ਹੈ ਕਿ ਐਸ ਐਸ ਪੀ ਦਫਤਰ ਸ੍ਰੀ ਮੁਕਤਸਰ ਸਾਹਿਬ ਵਲੋਂ ਇਸ ਮਾਮਲੇ ਜਾਂਚ ਲਈ ਐਸ ਪੀ (ਅਪ੍ਰੇਸ਼ਨ) ਦੀ ਅਗਵਾਈ ਹੇਠ ਇਕ ਸਿਟ ਕਮੇਟੀ ਬਣਾਈ ਹੈ, ਜੋ ਇਸ ਜਾਂਚ ਦਾ ਹਿੱਸਾ ਹੋਵੇਗੀ। ਇਸ ਮੌਕੇ ਐਸ ਡੀ ਐਮ ਗਿੱਦੜਬਾਹਾ ਓਮ ਪ੍ਰਕਾਸ਼, ਡੀ ਐਸ ਪੀ ਗਿੱਦੜਬਾਹਾ ਆਦਿ ਵੀ ਮੌਜੂਦ ਸਨ।
ਫੋਟੋ ਫਾਇਲ : ਐਮਕੇਐਸ 19 - 08