
ਪੰਜ ਮੁੱਖ ਕੌਮੀ ਮਾਰਗਾਂ ਤੇ ਇਕੱਠੇ ਹੋ ਕੇ ਲੱਖਾਂ ਕਿਸਾਨ 26 ਨੂੰ ਕਰਨਗੇ ਦਿੱਲੀ ਵਲ ਕੂਚ
ਚੰਡੀਗੜ੍ਹ 'ਚ ਮੀਟਿੰਗ ਕਰ ਕੇ ਬਣਾਈ 'ਦਿੱਲੀ ਚਲੋ' ਪ੍ਰੋਗਰਾਮ ਦੀ ਰਣਨੀਤੀ
ਚੰਡੀਗੜ੍ਹ, 19 ਨਵੰਬਰ (ਗੁਰਉਪਦੇਸ਼ ਭੁੱਲਰ): ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਚਲ ਰਹੇ ਅੰਦੋਲਨ ਵਿਚ ਹੁਣ ਦੇਸ਼ ਭਰ ਦੀਆਂ ਵੱਖ ਵੱਖ ਰਾਜਾਂ ਨਾਲ ਸਬੰਧਤ 500 ਕਿਸਾਨ ਜਥੇਬੰਦੀਆਂ ਸ਼ਾਮਲ ਹੋ ਚੁਕੀਆਂ ਹਨ ਅਤੇ 26 ਤੇ 27 ਨਵੰਬਰ ਨੂੰ ਹੋਣ ਵਾਲੇ 'ਦਿੱਲੀ ਚਲੋ' ਐਕਸ਼ਨ ਵਿਚ ਦੇਸ਼ ਭਰ ਦੇ ਲੱਖਾਂ ਕਿਸਾਨ ਸ਼ਾਮਲ ਹੋਣਗੇ।
ਇਸ ਐਕਸ਼ਨ ਦੀ ਤਿਆਰੀ ਦੇ ਜਾਇਜ਼ੇ ਲਈ ਅੱਜ ਚੰਡੀਗੜ੍ਹ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਵਿਚ ਵੱਖ ਵੱਖ ਰਾਜਾਂ ਨਾਲ ਸਬੰਧਤ ਆਗੂ ਸ਼ਾਮਲ ਹੋਏ। ਮੀਟਿੰਗ ਵਿਚ ਐਕਸ਼ਨ ਦੀਆਂ ਤਿਆਰੀਆਂ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਤਿਹਾਸਕ ਕਿਸਾਨ ਐਕਸ਼ਨ ਹੋਵੇਗਾ ਅਤੇ ਮੋਦੀ ਸਰਕਾਰ ਨੂੰ ਲਾਗੂ ਖੇਤੀ ਕਾਨੂੰਨਾਂ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦੇਵੇਗਾ। ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੇ ਆਗੂ ਯੋਗਿੰਦਰ ਯਾਦਵ ਨੇ 'ਦਿੱਲੀ ਚਲੋ' ਪ੍ਰੋਗਰਾਮ ਦੀ ਰਣਨੀਤੀ ਬਾਰੇ ਐਲਾਨ ਕਰਦਿਆਂ ਕਿਹਾ ਕਿ ਵੱਖ ਵੱਖ ਰਾਜਾਂ ਦੇ ਕਿਸਾਨ ਦਿੱਲੀ ਵਲ ਜਾਂਦੇ ਪੰਜ ਵੱਡੇ ਮੁੱਖ ਕੌਮੀ ਮਾਰਗਾਂ 'ਤੇ ਇਕੱਠੇ ਹੋਣਗੇ। ਇਸ ਤੋਂ ਬਾਅਦ ਦਿੱਲੀ ਵਿਚ ਦਾਖ਼ਲ ਹੋਣ ਲਈ ਮਾਰਚ ਕਰਦੇ ਹੋਏ ਅੱਗੇ ਵਧਣਗੇ। ਇਨ੍ਹਾਂ ਕੌਮੀ ਮਾਰਗਾਂ ਵਿਚ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ (ਕੁੰਡਲੀ ਬਾਰਡਰ), ਹਿਸਾਰ-ਦਿੱਲੀ ਹਾਈਵੇਅ (ਬਹਾਦਰਗੜ੍ਹ), ਜੈਪੁਰ-ਦਿੱਲੀ ਹਾਈਵੇਅ (ਧਾਰੂਹੇਰਾ), ਬਰੇਲੀ-ਦਿੱਲੀ ਹਾਈਵੇਅ (ਗਪੁਰ) ਅਤੇ ਆਗਰਾ-ਦਿੱਲੀ ਹਾਈਵੇਅ (ਬੱਲਭਗੜ੍ਹ) ਸ਼ਾਮਲ ਹਨ। ਪੰਜਾਬ ਦੇ ਕਿਸਾਨ ਸੂਬੇ ਵਿਚੋਂ 8 ਮਾਰਗਾਂ ਰਾਹੀਂ ਦਿੱਲੀ ਦਾਖ਼ਲ ਹੋਣਗੇ। ਜੇ ਕਿਸਾਨਾਂ ਨੂੰ ਪੁਲਿਸ ਵਲੋਂ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਤਾਂ ਸਾਰੇ ਥਾਵਾਂ ਉਪਰ ਅਣਮਿਥੇ ਸਮੇਂ ਦਾ ਮੋਰਚਾ ਸ਼ੁਰੂ ਕਰ ਦਿਤਾ ਜਾਵੇਗਾ ਅਤੇ ਇਹ ਮੋਰਚਾ ਖੇਤੀ ਕਾਨੂੰਨਾਂ ਦੇ ਰੱਦ ਹੋਣ ਤਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 40-50 ਸਾਲਾਂ ਵਿਚ ਇੰਨਾ ਵੱਡਾ ਕਿਸਾਨ ਅੰਦੋਲਨ ਪਹਿਲੀ ਵਾਰ ਹੋ ਰਿਹਾ ਹੈ ਤੇ ਇਸ ਦੀ ਅਗਵਾਈ ਪੰਜਾਬ ਕਰ ਰਿਹਾ ਹੈ, ਜਿਸ ਨੇ ਦੂਜੇ ਰਾਜਾਂ ਨੂੰ ਖੇਤੀ ਕਾਨੂੰਨਾਂ ਵਿਰੁਧ ਰਾਹ ਦਿਖਾਇਆ ਹੈ। ਮਹਾਰਾਸ਼ਟਰ ਨਾਲ ਸਬੰਧਤ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਅਸਲ ਵਿਚ ਕੇਂਦਰ ਸਰਕਾਰ
ਵਲੋਂ ਲਾਗੂ ਖੇਤੀ ਕਾਨੂੰਨ ਸੱਚਮੁੱਚ ਹੀ ਕਿਸਾਨਾਂ ਲਈ ਮੌਤ ਦੇ ਫ਼ਰਮਾਨ ਦੇ ਬਰਾਬਰ ਹਨ। ਪੰਜਾਬ ਤੋਂ ਸ਼ੁਰੂ ਅੰਦੋਲਨ ਵਿਚ ਅਡਾਨੀ, ਅੰਬਾਨੀ ਦੇ ਉਤਪਾਦਾਂ ਦਾ ਬਾਈਕਾਟ ਦੇਸ਼ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਾਡੂਕੀ ਨੇ ਕਿਹਾ ਕਿ ਹਾਲੇ ਵੀ ਸਮਾਂ ਹੈ ਮੋਦੀ ਸਰਕਾਰ ਸਮਝ ਜਾਵੇ ਨਹੀਂ ਤਾਂ 26 ਨਵੰਬਰ ਤੋਂ ਦਿੱਲੀ ਦੀ ਪੰਜਾਬ, ਹਰਿਆਣਾ ਤੇ ਯੂ.ਪੀ. ਰਾਜਾਂ ਵਿਚ ਐਂਟਰੀ ਬੰਦ ਹੋ ਜਾਵੇਗੀ। ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਤੇ ਪੱਛਮੀ ਬੰਗਾਲ ਦੇ ਆਗੂ ਹਨਨ ਮੌਲਾ ਨੇ ਕਿਹਾ ਕਿ ਇਹ ਅੰਦੋਲਨ ਹੁਣ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ ਜਿਸ ਦਾ ਪ੍ਰਮਾਣ 26-27 ਦੇ ਐਕਸ਼ਨ ਨਾਲ ਮਿਲੇਗਾ। ਦਿੱਲੀ ਦੇ ਨੇੜਲੇ ਰਾਜਾਂ ਦੇ ਲੱਖਾਂ ਕਿਸਾਨ ਤਾਂ ਕੌਮੀ ਰਾਜਧਾਨੀ ਦੇ ਘਿਰਾਉ ਲਈ ਕੂਚ ਕਰਨਗੇ ਅਤੇ ਦੂਰ ਵਾਲੇ ਰਾਜਾਂ ਵਿਚ ਵੀ ਕਿਸਾਨ ਪੇਂਡੂ ਬੰਦ ਦਾ ਸੱਦਾ ਲਾਗੂ ਕਰ ਕੇ ਰੋਸ ਮੁਜ਼ਾਹਰੇ ਕਰ ਕੇ ਇਕਜੁਟਤਾ ਪ੍ਰਗਟ ਕਰਨਗੇ। ਪੰਜਾਬ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 26-27 ਨਵੰਬਰ ਦਾ ਐਕਸ਼ਨ ਇਤਿਹਾਸਕ ਹੋਵੇਗਾ ਤੇ ਕਿਸਾਨ ਦਿੱਲੀ ਵਲੋਂ ਵਾਪਸ ਨਹੀਂ ਪਰਤਣਗੇ ਭਾਵੇਂ ਜਿੰਨਾ ਮਰਜ਼ੀ ਸਮਾਂ ਦਿੱਲੀ ਦੀਆਂ ਹੱਦਾਂ 'ਤੇ ਬੈਠਣਾ ਪਵੇ। ਪੰਜਾਬ ਵਿਚੋਂ ਕਿਸਾਨ 4-4 ਮਹੀਨੇ ਦਾ ਰਾਸ਼ਨ ਪਾਣੀ ਨਾਲ imageਲੈ ਕੇ ਜਾ ਰਹੇ ਹਨ।