
ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਉ ਕਾਲ ਕਰਦਿਆਂ ਮਾਂ ਨੇ ਲਿਆ ਫਾਹਾ
ਜਲੰਧਰ, 19 ਨਵੰਬਰ (ਲਖਵਿੰਦਰ ਸਿੰਘ) : ਹੁਸ਼ਿਆਰਪੁਰ ਰੋਡ ਸਥਿਤ ਹਰਦੀਪ ਨਗਰ 'ਚ ਪੰਜਾਬ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਦੀ ਪਤਨੀ ਵਲੋਂ ਪੌੜੀਆਂ ਦੀ ਗਰਿੱਲ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਤਰਸੇਮ ਕੌਰ ਪਤਨੀ ਮਲਕੀਤ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਤਰਸੇਮ ਕੌਰ ਦੇ ਪਤੀ ਮਲਕੀਤ ਸਿੰਘ ਦੀ ਦੋ ਸਾਲ ਪਹਿਲਾਂ ਇਸੇ ਘਰ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਅੱਜ ਉਸ ਦੇ ਪਤੀ ਦੀ ਦੂਜੀ ਬਰਸੀ ਸੀ ਅਤੇ ਪਤੀ ਦੀ ਬਰਸੀ ਮੌਕੇ ਹੀ ਪਤਨੀ ਨੇ ਅਜਿਹਾ ਖ਼ੌਫ਼ਨਾਕ ਕਦਮ ਚੁੱਕ ਲਿਆ। ਨੇੜਲੇ ਲੋਕਾਂ ਮੁਤਾਬਕ ਤਰਸੇਮ ਕੌਰ ਪਤੀ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। ਦਸਿਆ ਜਾ ਰਿਹਾ ਹੈ ਕਿ ਤਰਸੇਮ ਕੌਰ ਨੇ ਪਹਿਲਾਂ ਅਪਣੇ ਕੈਨੇਡਾ ਰਹਿੰਦੇ ਪੁੱਤਰ ਨੂੰ ਵਟਸਐਪ 'ਤੇ ਵੀਡੀਉ ਕਾਲ ਕੀਤੀ ਅਤੇ ਕਾਲ ਕਰਦੇ-ਕਰਦੇ ਹੀ ਉਸ ਨੇ ਅਜਿਹਾ ਖ਼ੌਫ਼ਨਾਕ ਕਦਮ ਚੁੱਕ ਲਿਆ। ਉਕਤ ਜਨਾਨੀ ਦੇ ਪੁੱਤਰ ਨੇ ਅਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਇਸ ਘਟਨਾ ਬਾਰੇ ਸੂਚਨਾ ਦਿਤੀ, ਜਿਸ ਦੀ ਜਾਣਕਾਰੀ ਇਲਾਕੇ ਦੇ ਪ੍ਰਧਾਨ ਨੇ ਪੁਲਿਸ ਨੂੰ ਦਿਤੀ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ 8 ਨੰਬਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਰੱਖਵਾ ਦਿਤਾ ਹੈ।
ਹਰਦੀਪ ਨਗਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਤਰਸੇਮ ਕੌਰ ਦੇ ਪੁੱਤਰ ਭੁਪਿੰਦਰ ਸਿੰਘ ਦਾ ਫੋਨ ਆਇਆ ਸੀ ਕਿ ਉਸ ਦੀ ਮਾਂ ਖ਼ੁਦਕੁਸ਼ੀ ਕਰਨ ਜਾ ਰਹੀ ਹੈ। ਉਹ ਜਦੋਂ ਮੌਕੇ 'ਤੇ ਪਹੁੰਚੇ ਤਾਂ ਉਦੋਂ ਤਕ ਤਰਸੇਮ ਕੌਰ ਨੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦਸਿਆ ਕਿ ਤਰਸੇਮ ਕੌਰ ਦੀਆਂ ਦੋ ਧੀਆਂ ਅਤੇ ਇਕ ਬੇਟਾ ਹੈ, ਜੋਕਿ ਵਿਦੇਸ਼ 'ਚ ਰਹਿੰਦੇ ਹਨ। ਤਰਸੇਮ ਕੌਰ ਡਿਪਰੈਸ਼ਨ 'ਚ ਰਹਿੰਦੀ ਸੀ, ਜਿਸ ਕਰ ਕੇ ਉਸ ਦੀ ਦਵਾਈ ਵੀ ਚੱਲ ਰਹੀ ਸੀ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦਸਿਆ ਕਿ ਜਦੋਂ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਤਾਂ ਤਰਸੇਮ ਕੌਰ ਦੀ ਲਾਸ਼ ਪੌੜੀਆਂ ਨਾਲ ਬਣੀ ਗਰਿੱਲ ਨਾਲ ਲਟਕ ਰਹੀ ਸੀ। ਬਾਅਦ 'ਚ ਉਸ ਦੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ।
ਉਨ੍ਹਾਂ ਦਸਿਆ ਕਿ ਉਸ ਦੇ ਬੱਚੇ ਵਿਦੇਸ਼ 'ਚ ਰਹਿੰਦੇ ਹਨ ਅਤੇ ਇਥੇ ਇਕੱਲੇ ਰਹਿਣ ਕਰਕੇ ਉਹ ਮਾਨਸਿਕ ਰੂਪ ਨਾਲ ਪਰੇਸ਼ਾਨ ਰਹਿੰਦੀ ਸੀ, ਜਿਸ ਕਰ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਫ਼ਿਲਹਾਲ ਪੁਲਿਸ ਵਲੋਂ image174 ਦੀ ਕਾਰਵਾਈ ਕੀਤੀ ਜਾ ਰਹੀ ਹੈ।