ਅਗਲੇ 10-12 ਮਹੀਨੇ ਫ਼ੀਲਡ 'ਚ ਲੋਕਾਂ ਨਾਲ ਜੁੜਨ ਤੇ ਉਮੀਦਵਾਰਾਂ ਦੇ ਪੈਨਲ ਤਿਆਰ ਕਰਨੇ ਹੋਏ ਸ਼ੁਰੂ
Published : Nov 20, 2020, 7:22 am IST
Updated : Nov 20, 2020, 7:22 am IST
SHARE ARTICLE
image
image

ਅਗਲੇ 10-12 ਮਹੀਨੇ ਫ਼ੀਲਡ 'ਚ ਲੋਕਾਂ ਨਾਲ ਜੁੜਨ ਤੇ ਉਮੀਦਵਾਰਾਂ ਦੇ ਪੈਨਲ ਤਿਆਰ ਕਰਨੇ ਹੋਏ ਸ਼ੁਰੂ

ਚਹੁੰ-ਕੋਨੇ ਮੁਕਾਬਲੇ 'ਚ ਭਾਜਪਾ ਮੁੱਖ ਪਾਰਟੀ ਹੋਵੇਗੀ : ਮਦਨ ਮੋਹਨ ਮਿੱਤਲ


ਚੰਡੀਗੜ੍ਹ, 19 ਨਵੰਬਰ (ਜੀ.ਸੀ. ਭਾਰਦਵਾਜ) : ਪੰਜਾਬ ਵਿਚ ਪਿਛਲੇ ਤਿੰਨ ਮਹੀਨੇ ਤੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਉੱਠਿਆ ਉਬਾਲ ਅਤੇ ਵਿਸ਼ੇਸ਼ ਕਰ ਕੇ ਕਾਂਗਰਸ ਸਰਕਾਰ ਦੀ ਖੁਲ੍ਹੀ ਮਦਦ ਨਾਲ ਛੋੜਿਆ ਕਿਸਾਨੀ ਸੰਘਰਸ਼ ਤੇ ਰੋਲ ਰੋਕੋ ਅੰਦੋਲਨ ਅੱਜ 'ਕੁੱਝ ਕਰੋ ਜਾਂ ਮਰੋ' ਦੀ ਸਥਿਤੀ ਵਿਚ ਪੁੱਜ ਚੁਕਾ ਹੈ।
ਕੇਂਦਰ ਸਰਕਾਰ ਦੇ ਮੰਤਰੀਆਂ ਨੇ ਪਿਛਲੇ ਹਫ਼ਤੇ ਦੀਵਾਲੀ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਨਵੀਂ ਦਿੱਲੀ ਵਿਚ ਬੈਠਕ ਕਰ ਕੇ 31 ਜਥੇਬੰਦੀਆਂ ਦੇ ਆਗੂਆਂ ਦੀ ਘੰਟਿਆਂਬੱਧੀ ਗੱਲ ਅਤੇ ਸ਼ਿਕਵੇ ਸੁਣੇ, ਜਿਸ ਤੋਂ ਸਪੱਸ਼ਟ ਹੋਇਆ ਕਿ ਦੋਨੋਂ ਧਿਰਾਂ ਅੜ ਗਈਆਂ ਹਨ ਅਤੇ ਸੰਘਰਸ਼ ਲੰਮਾ ਚਲੇਗਾ। ਅਗਲੀ ਬੈਠਕ ਦੋ-ਤਿੰਨ ਦਿਨ ਬਾਅਦ ਹੋਣਦੀ ਆਸ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਰੇਲ-ਗੱਡੀਆਂ ਨਾ ਚਲਾਉਣਾ ਅੱਗੇ ਜਾ ਕੇ ਪੰਜਾਬ ਲਈ ਹਰ ਤਰ੍ਹਾਂ ਦਾ ਸੰਕਟ ਖੜਾ ਕਰ ਸਕਦਾ ਹੈ, ਇਕ ਵੱਡਾ ਤੇ ਮਹੱਤਵਪੂਰਨ ਅਹਿਸਾਸ ਹੈ। ਰਾਸ਼ਟਰੀ ਅਤੇ ਖੇਤਰੀ ਪੱਧਰ ਦੇ ਖੇਤੀ ਤੇ ਸਿਆਸੀ ਮਾਹਰਾਂ ਸਮੇਤ ਅੰਕੜਾ ਵਿਗਿਆਨੀਆਂ ਦੀ ਰਾਏ ਹੈ ਕਿ ਬਿਹਾਰ ਚੋਣਾਂ 'ਚ ਭਾਜਪਾ ਤੇ ਜੇ.ਡੀ.ਯੂ. ਦੀ ਸਫ਼ਲਤਾ ਨੇ ਫਿਲਹਾਲ ਕੇਂਦਰ ਦਾ ਧਿਆਨ ਪੱਛਮੀ ਬੰਗਾਲ ਦੀਆਂ ਚੋਣਾਂ ਵਲ ਲਗਾ ਦਿਤਾ ਹੈ ਅਤੇ ਨਾਲ ਦੀ ਨਾਲ ਪੰਜਾਬ ਵਿਚ ਵੀ ਭਾਜਪਾ ਵਲੋਂ ਇਕੱਲਿਆਂ 2022 ਚੋਣਾਂ 'ਚ ਕਾਮਯਾਬੀ ਵਾਸਤੇ ਅਪਣੇ ਪ੍ਰਧਾਨ ਜੇ.ਪੀ. ਨੱਢਾ ਨੂੰ ਸਾਫ਼ ਤੇ ਸਪੱਸ਼ਟ ਦਿਸ਼ਾ ਦੇ ਦਿਤੀ ਹੈ।
ਇਸ ਸਾਰੇ ਸਿਆਸੀ ਅਤੇ ਸਮਾਜਕ-ਆਰਥਕ ਤੇ ਧਾਰਮਕ-ਕਿਸਾਨੀ ਸਮੇਤ ਪੇਂਡੂ ਤੇ ਸ਼ਹਿਰੀ ਮਾਹੌਲ ਦੇ ਬਦਲ ਰਹੇ ਪਰਿਪੇਖ 'ਚ ਜਦੋਂ ਰੋਜ਼ਾਨਾ ਸਪੋਕਸਮੈਨ ਵਲੋਂ ਸੱਭ ਤੋਂ ਸੀਨੀਅਰ ਤੇ ਤਜਰਬੇਕਾਰ 81 ਸਾਲਾ ਆਗੂ ਮਦਨ ਮੋਹਨ ਮਿੱਤਲ ਦੇ ਵਿਚਾਰ ਜਾਣੇ ਤਾਂ ਉਨ੍ਹਾਂ ਦਸਿਆ ਕਿ ਇਸ ਸਰਹੱਦੀ ਸੂਬੇ ਵਿਚ ਪਾਰਟੀ ਦੀ ਚੋਣਾਂ ਪ੍ਰਤੀ ਕਵਾਇਦ ਤਾਂ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਚੁਕੀ ਹੈ ਅਤੇ 117 ਸੀਟਾਂ ਵਾਸਤੇ ਉਮੀਦਵਾਰਾਂ ਦੇ ਪੈਨਲ ਤਿਆਰ ਹੋ ਰਹੇ ਹਨ। ਇਨ੍ਹਾਂ ਸਿੱਖ ਹਿੰਦੂ-ਇਸਾਈ-ਮੁਸਲਿਮ-ਦਲਿਤ ਭਾਈਚਾਰੇ ਦੇ ਉਮੀਦਵਾਰ ਵੀ ਹਨ।
ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੱਭ ਤੋਂ ਪਹਿਲਾਂ ਉਨ੍ਹਾਂ ਨੇ ਹੀ 58-59 ਸੀਟ ਹਿੱਸੇਦਾਰੀ ਦਾ ਬਿਆਨ ਦਿਤਾ ਸੀ ਅਤੇ ਅਕਾਲੀ ਦਲ ਵਲੋਂ 54 ਸਾਲ ਪੁਰਾਣੀ ਸਾਂਝ ਤੋੜਨ ਉਪਰੰਤ ਹੁਣ ਭਾਜਪਾ ਵਰਕਰ, ਨੇਤਾ ਮਿਹਨਤੀ ਤੇ ਦ੍ਰਿੜ੍ਹ ਪੰਜਾਬੀ, ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਦੇ ਨਾ ਸਿਰਫ਼ ਇੱਛੁਕ ਹੀ ਹਨ, ਬਲਕਿ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ।
ਇਸ ਸੀਨੀਅਰ ਭਾਜਪਾ ਲੀਡਰ ਨੇ ਪੁਰਾਣੇ 60 ਸਾਲ ਤੋਂ ਵੱਧ ਦੇ ਸਮੇਂ, ਜਨਸੰਘ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਬਲਰਾਮ ਦਾਸ ਟੰਡਨ, ਡਾ. ਬਲਦੇਵ ਪ੍ਰਕਾਸ਼, ਡਾ. ਮੰਗਲ ਸੇਨ ਦੇ ਕਿਰਦਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਰਿਸ਼ੀ-ਮੁਨੀਆਂ, ਗੁਰੂਆਂ-ਪੀਰਾਂ ਦੀ ਧਰਤੀ ਹੈ ਜਿਥੇ ਸਾਰੇ ਧਰਮਾਂ-ਮਜ਼੍ਹਬਾਂ-ਜਾਤਾਂ-ਬਿਰਾਦਰੀਆਂ ਦਾ ਸੁਮੇਲ ਅਤੇ ਸੁਹਰਦ ਵਾਲਾ ਵਾਤਾਵਰਣ ਹੈ ਅਤੇ ਸੂਬੇ ਦੀ ਸਰਕਾਰ ਵਲੋਂ ਇਕ ਪਾਸੜ ਸੋਚ ਤੇ ਦ੍ਰਿਸ਼ਟੀਕੋਣ 'ਤੇ ਚਲ ਕੇ ਗੁਜ਼ਾਰਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਸਿਰ ਤੋਂ ਪੈਰਾਂ ਤਕ ਕਿਸਾਨ-ਹਿਤੈਸ਼ੀ ਪਾਰਟੀ ਹੈ ਪਰ ਪੰਜਾਬ 'ਚ ਸਾਲਾਨਾ 65000 ਕਰੋੜ ਦਾ ਅਰਥਚਾਰਾ ਸਿਰਫ਼ ਕਣਕ-ਝੇਨੇ ਦੀ ਵਿੱਕਰੀ 'ਤੇ ਟਿਕਿਆ ਹੈ, ਜਿਸ ਨੂੰ ਮਜ਼ਬੂਤ ਮਦਦ ਦੇਣ ਲਈ ਛੋਟੇ-ਮੀਡੀਅਮ ਤੋਂ ਵੱਡੇ ਉਦਯੋਗਾਂ ਤੇ ਕਾਰਖਾਨਿਆਂ ਦੀ ਵੀ ਲੋੜ ਹੈ ਅਤੇ ਇਸ ਤੋਂ ਰੁਜ਼ਗਾਰ ਦੇ ਮੌਕੇ ਵੀ ਹੋਰ ਮਿਲਣਗੇ।
ਮਦਨ ਮੋਹਨ ਮਿੱਤਲ ਦਾ ਅਨੁਮਾਨ ਹੈ ਕਿ ਆਉਣ ਵਾਲਾ ਸੰਭਾਵੀ ਚੋਣ-ਮੈਦਾਨ ਚਾਰ ਕੋਨਾ ਹੋਏਗਾ ਜਿਸ ਵਿਚ ਕਾਂਗਰਸ, ਭਾਜਪਾ, ਅਕਾਲੀ ਦਲ ਤੇ 'ਆਪ' ਮੁੱਖ ਘੁਲਾਟੀਏ ਹੋਣਗੇ ਪਰ ਇਹ ਨਿਸ਼ਚਿਤ ਹੈ ਕਿ ਲੋਕਾਂ ਸਾਹਮਣੇ ਭਾਜਪਾ ਦੇ ਉਮੀਦਵਾਰ ਇਕ ਨਵੀਂ ਤੇ ਨਿਵੇਕਲੀ ਬਦਲ ਹੋਏਗੀ ਕਿਉਂਕਿ ਬਾਕੀ ਸੱਭ ਪਾਰਟੀਆਂ ਨੂੰ ਪੰਜਾਬ ਵੋਟਰ ਕਈ ਵਾਰ ਪਰਖ ਚੁਕਾ ਹੈ।
ਇਹ ਪੁੱਛੇ ਜਾਣ 'ਤੇ ਕਿ ਕਿਸਾਨ ਅੰਦੋਲਨ ਦਾ ਇਕੋ-ਇਕ ਨਿਸ਼ਾਨਾ ਭਾਜਪਾ ਲੀਡਰਾਂ ਨੂੰ ਘੇਰਨਾ ਅਤੇ ਕੇਂਦਰੀ ਮੰਤਰੀਆਂ ਨੂੰ ਬਦਨਾਮ ਕਰਨਾ ਹੈ। ਇਸ ਮਾਹੌਲ ਵਿਚ ਤਾਂ ਲੋਕ ਹਿਤੈਸ਼ੀ ਕਿਵੇਂ ਰਿਹਾ ਜਾਵੇ? ਦੇ ਸਵਾਲ ਦਾ ਜਵਾਬ ਦਿੰਦਿਆਂ ਮੱਤਲ ਨੇ ਸਪੱਸ਼ਟ ਕਿਹਾ ਕਿ ਘਿਰਾਉ ਕਰਨ ਵਾਲੇ ਸਿਆਸਤ ਤੋਂ ਪ੍ਰੇਰਤ ਹਨ। ਇਨ੍ਹਾਂ 'ਚ ਕਾਮਰੇਡੀ ਤੋਂ ਕਾਂਗਰਸ ਸੋਚ ਦੇ ਧਾਰਨੀ ਹਨ ਜੋ ਕਾਂਗਰਸ ਸਰਕਾਰ ਦੀਆਂ ਪਿਛਲੇ 4 ਸਾਲ ਦੀਆਂ ਨਾ-ਕਾਮੀਆਂ ਨੂੰ ਛੁਪਾਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ 'ਆਪ' ਤਾਂ 5 ਗੁੱਟਾਂ 'ਚ ਵੰਡੀ ਹੋਈ ਹੈ। ਅਕਾਲੀ ਦਲ ਵੀ ਢੀਂਡਸਾ-ਬ੍ਰਹਮਪੁਰਾ-ਸੰਤ ਸਮਾਜ 'ਚ ਟੁਕੜੇ-ਟੁਕੜੇ ਹੋ ਗਿਆ ਹੈ। ਸੁਖਬੀਰ ਬਾਦਲ ਇਕੱਲਾ ਰਹਿ ਗਿਆ ਹੈ। ਵੱਡੇ ਬਾਦਲ ਦੀ ਪੁੱਛ-ਪ੍ਰਤੀਤ ਘਟ ਗਈ ਹੈ ਅਤੇ ਕਾਂਗਰਸ ਦੀ ਹਾਈ ਕਮਾਂਡ ਕਮਜ਼ੋਰ ਤੇ ਗੁੱਟਬਾਜ਼ੀ ਦਾ ਸ਼ਿਕਾਰ ਹੋਣ ਕਰ ਕੇ ਪੰਜਾਬ 'ਚ ਚੋਣਾਂ ਮੌਕੇ ਜ਼ਰੂਰ ਬਿੱਖਰ ਜਾਵੇਗੀ। ਉਂਜ ਵੀ ਕਾਂਗਰਸੀ ਨੇਤਾ ਕੁਰੱਪਸ਼ਨ, ਰੇਤ ਮਾਫ਼ੀਆ, ਸ਼ਰਾਬ-ਐਕਸਾਈਜ ਟੈਕਸ ਚੋਰੀ ਅਤੇ ਬੇ-ਤਹਾਸ਼ਾ ਸਕੈਂਡਲਾਂ ਦਾ ਸ਼ਿਕਾਰ ਹਨ, ਜਿਸ ਕਰ ਕੇ ਬੇ-ਦਾਗ਼ ਭਾਜਪਾ ਆਗੂਆਂ ਦੀ ਇਸ ਇਕਮੁਠ ਸਿਆਸੀ ਪਾਰਟੀ ਨੂੰ ਕਾਮਯਾਬੀ ਮਿਲਣ ਦੀ 2022 ਚੋਣਾਂ 'ਚ ਪੂਰੀ ਆਸ ਹੈ।
ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕੋਰ ਗਰੁੱਪ ਦੀ ਅਗਲੀ ਬੈਠਕ ਇਸ ਮਹੀਨੇ ਦੇ ਆਖ਼ਰੀ ਦਿਨਾਂ ਵਿਚ ਹੋਏਗੀ, ਜਿਸ ਵਿਚ ਅਗਲੀ ਰਣਨੀਤੀ ਤੈਅ ਕਰਨੀ ਹੈ ਅਤੇ ਪ੍ਰਧਾਨ ਜੇ.ਪੀ. ਨੱਢਾ ਵਲੋਂ ਦਰਸਾਏ ਨੁਕਤਿਆਂ ਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਰਕਰਾਂ-ਲੀਡਰਾਂ ਤੇ ਹੋਰ ਪ੍ਰਚਾਰਕਾਂ ਨੂੰ ਲਾਮਬੰਦ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ 10-12 ਮਹੀਨੇ ਸਿਆਸੀ ਨੇਤਾਵਾਂ ਲਈ ਫ਼ੀਲਡ ਵਿਚ ਜਾ ਕੇ ਵੋਟਰਾਂ ਨਾਲ ਜੁੜਨ ਦੇ ਹਨ ਨਾ ਕਿ ਘਰ ਬੈਠਣ ਦੇ ਹਨ।
imageimage

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement