
ਕੁੱਝ ਦੇਸ਼ ਅਤਿਵਾਦ ਦਾ ਸਮਰਥਨ ਕਰਨ ਦੇ ‘ਸਪੱਸ਼ਟ ਰੂਪ ਨਾਲ
ਸੰਯੁਕਤ ਰਾਸ਼ਟਰ, 19 ਨਵੰਬਰ : ਭਾਰਤ ਨੇ ਪਾਕਿਸਤਾਨ ਦਾ ਅਸਿੱਧੇ ਰੂਪ ਨਾਲ ਜ਼ਿਕਰ ਕਰਦੇ ਹੋਏ ਕਿਹਾ ਕਿ ਅਜਿਹੇ ਕਈ ਦੇਸ਼ ਹਨ, ਜੋ ਅਤਿਵਾਦ ਦਾ ਸਮਰਨਥ ਕਰਨ ਦੇ ‘ਸਪੱਸ਼ਟ ਰੂਪ ਨਾਲ ਦੋਸ਼ੀ’ ਹਨ ਅਤੇ ਜਾਣਬੁਝ ਕੇ ਅਤਿਵਾਦੀਆਂ ਨੂੰ ਪਨਾਹ ਦਿੰਦੇ ਹਨ। ਨਾਲ ਹੀ ਭਾਰਤ ਨੇ ਆਲਮੀ ਭਾਈਚਾਰੇ ਨੂੰ ਸਾਂਝੇ ਰੂਪ ਨਾਲ ਅਜਿਹੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਉਣ ਦਾ ਸੱਦਾ ਦਿਤਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਮੁੱਖ ਸਕੱਤਰ ਰਾਜੇਸ਼ ਪਰਹਾਰ ਨੇ ਬੁਧਵਾਰ ਨੂੰ ਅਤਿਵਾਦ ਰੋਕੂ ਕਮੇਟੀ ਦੀ ਸਾਂਝੀ ਬੈਠਕ ਵਿਚ ਇਹ ਬਿਆਨ ਦਿਤਾ।
ਉਨ੍ਹਾਂ ਕਿਹਾ,‘‘ਅਤਿਵਾਦ ਦੇ ਖ਼ਤਰੇ ਦਾ ਸਫ਼ਲਤਾ ਨਾਲ ਮੁਕਾਬਲਾ ਕਰਨ ਲਈ ਅਤਿਵਾਦੀਆਂ ਤਕ ਵਿੱਤੀ ਸਹਾਇਤਾ ਪਹੁੰਚਾਉਣ ’ਤੇ ਰੋਕ ਲਗਣੀ ਜ਼ਰੂਰੀ ਹੈ। ਕੁੱਝ ਦੇਸ਼ਾਂ ਵਿਚ ਅਤਿਵਾਦ ਦੇ ਵਿੱਤ ਪੋਸ਼ਣ ਨੂੰ ਰੋਕਣ ਲਈ ਢੁਕਵੇਂ ਕਾਨੂੰਨੀ ਢਾਂਚੇ ਦੀ ਘਾਟ ਹੈ, ਉਥੇ ਹੀ ਕੁੱਝ ਅਜਿਹੇ ਦੇਸ਼ ਵੀ ਹਨ ਜੋ ਸਪੱਸ਼ਟ ਰੂਪ ਨਾਲ ਅਤਿਵਾਦ ਨੂੰ ਸਹਾਇਤਾ ਤੇ ਸਮਰਥਨ ਦੇਣ ਅਤੇ ਅਤਿਵਾਦੀਆਂ ਨੂੰ ਵਿੱਤੀ ਸਹਾਇਤਾ ਅਤੇ ਪਨਾਹ ਦੇਣ ਦੇ ਦੋਸ਼ੀ ਹਨ। ਆਲਮੀ ਭਾਈਚਾਰੇ ਨੂੰ ਸਾਂਝੇ ਰੂਪ ਨਾਲ ਅਜਿਹੇ ਦੇਸ਼ਾਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਲਈ ਜਵਾਬਦੇਹ ਠਹਿਰਾਉਣਾ ਚਾਹੀਦਾ ਹੈ।’’
ਪਰਹਾਰ ਨੇ ਕਿਹਾ ਕਿ ਭਾਰਤ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਸਰਹੱਦ ਪਾਰੋਂ ਅਤਿਵਾਦ ਦਾ ਸ਼ਿਕਾਰ ਰਿਹਾ ਹੈ। ਉਨ੍ਹਾਂ ਨੇ ਉਨਾਂ ਰਿਪੋਰਟਾਂ ਦਾ ਹਵਾਲਾ ਦਿਤਾ ਜੋ ਸੰਯੁਕਤ ਰਾਸ਼ਟਰ ਵਲੋਂ ਐਲਾਨੇ ਅਤਿਵਾਦੀ ਸੰਗਠਨਾਂ ਦੇ ਮੈਂਬਰਾਂ ’ਤੇ ਮੁਕੱਦਮਾ ਚਲਾਉਣ ਸਬੰਧੀ ਦਖਣੀ ਏਸ਼ੀਆ ਦੇ ਕੁੱਝ ਦੇਸ਼ਾਂ ਦੀ ਢਿੱਲ ਵਲ ਇਸ਼ਾਰਾ ਕਰਦੀਆਂ ਹਨ ਅਤੇ ਜਿਥੇ ਅਤਿਵਾਦੀ ਸੰਗਠਨ ਲਗਾਤਾਰ ਪੈਸੇ ਇਕੱਠਾ ਕਰਨ ਵਿਚ ਕਾਮਯਾਬ ਰਹੇ ਹਨ। (ਪੀਟੀਆਈ)