
ਪਹਿਲਾਂ ਵੀ ਜਤਾਇਆ ਸੀ ਇਤਰਾਜ਼
Kartarpur : ਪਾਕਿਸਤਾਨ ਦੇ ਨਾਰੋਵਾਲ 'ਚ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ 'ਚ ਆਯੋਜਿਤ ਨਾਨ-ਵੈਜ ਅਤੇ ਡਾਂਸ ਪਾਰਟੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਪਾਕਿਸਤਾਨ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਅਹੁਦੇ 'ਤੇ ਇਕ ਵਾਰ ਫਿਰ ਸਿੱਖ ਨੂੰ ਨਿਯੁਕਤ ਕਰਨ ਦੀ ਮੰਗ ਉੱਠਣ ਲੱਗੀ ਹੈ। ਭਾਜਪਾ ਦੇ ਸਿੱਖ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਪੱਸ਼ਟ ਕੀਤਾ ਕਿ ਉਹ ਪਹਿਲਾਂ ਹੀ ਇਸ ਦੇ ਖ਼ਿਲਾਫ਼ ਹਨ ਅਤੇ ਇਤਰਾਜ਼ ਵੀ ਉਠਾਏ ਗਏ ਹਨ।
ਮਨਜਿੰਦਰ ਸਿਰਸਾ ਨੇ ਟਵੀਟ ਕਰ ਕੇ ਲਿਖਿਆ- ਅਸੀਂ 2021 ਵਿਚ ਪੀਐਮਯੂ ਕਰਤਾਰਪੁਰ ਕਾਰੀਡੋਰ ਦੇ ਸੀਈਓ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ 'ਤੇ ਇਤਰਾਜ਼ ਜਤਾਇਆ ਸੀ। ਕਿਉਂਕਿ ਪ੍ਰਬੰਧਕੀ ਬੋਰਡ ਨੂੰ ਸਿੱਖ ਮਰਿਆਦਾ ਦਾ ਕੋਈ ਗਿਆਨ ਨਹੀਂ ਹੈ, ਇਸ ਲਈ ਸਾਨੂੰ ਡਰ ਸੀ ਕਿ ਗੁਰਦੁਆਰਾ ਕੰਪਲੈਕਸ ਵਿਚ ਈਸ਼ਨਿੰਦਾ ਹਰਕਤਾਂ ਹੋ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸਾਡਾ ਡਰ ਉਦੋਂ ਹਕੀਕਤ ਵਿਚ ਬਦਲ ਗਿਆ ਜਦੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿਚ ਸੀਈਓ ਸਈਅਦ ਅਬੂ ਬਕਰ ਕੁਰੈਸ਼ੀ ਵੱਲੋਂ ਸ਼ਰਾਬ ਪੀਣ ਅਤੇ ਮੀਟ ਖਾਣ ਦੀ ਵੀਡੀਓ ਵਾਇਰਲ ਹੋਈ। ਅਸੀਂ ਇਸ ਮੁਸਲਿਮ ਦੀ ਅਗਵਾਈ ਵਾਲੀ ਪੀਐਮਯੂ ਨੂੰ ਤੁਰੰਤ ਭੰਗ ਕਰਨ ਦੀ ਮੰਗ ਕਰਦੇ ਹਾਂ। ਜਿਸ ਦੇ ਕਾਰਨਾਮੇ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪਾਕਿਸਤਾਨ ਸਰਕਾਰ ਨੂੰ ਗੁਰਦੁਆਰਾ ਸਾਹਿਬ ਦੀ ਕਮਾਨ ਕਿਸੇ ਸਿੱਖ ਸੰਸਥਾ ਨੂੰ ਸੌਂਪਣੀ ਚਾਹੀਦੀ ਹੈ ਜੋ ਸਿੱਖ ਮਰਿਆਦਾ ਅਤੇ ਸਿਧਾਂਤਾਂ ਦੀ ਪਾਲਣਾ ਕਰਦੀ ਹੈ।
(For more news apart from Kartarpur News, stay tuned to Rozana Spokesman)