
ਮੁਲਜ਼ਮ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਦੀ ਖਿੜਕੀ ਖੋਲ੍ਹੇ ਬਿਨਾਂ ਗੋਲੀਆਂ ਚਲਾ ਦਿੱਤੀਆਂ
Kapurthala News: ਸੁਭਾਨਪੁਰ ਥਾਣੇ ਨੇੜੇ ਹਾਈਵੇਅ 'ਤੇ ਜਾਂਚ ਕਰ ਰਹੀ ਅੰਮ੍ਰਿਤਸਰ ਪੁਲਿਸ ਟੀਮ 'ਤੇ ਗੋਲੀਬਾਰੀ ਕਰਨ ਵਾਲੇ ਦੋ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਅੰਮ੍ਰਿਤਸਰ 'ਚ ਤਾਇਨਾਤ ਸਬ ਇੰਸਪੈਕਟਰ ਤੇਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਉਧਰ, ਅੰਮ੍ਰਿਤਸਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਅਤੇ ਸੁਭਾਨਪੁਰ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਸੁਭਾਨਪੁਰ ਥਾਣੇ ਦੇ ਜਾਂਚ ਅਧਿਕਾਰੀ ਏਐਸਆਈ ਰਵਿੰਦਰ ਕੁਮਾਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਲੋਪੋਕੇ ਥਾਣੇ ਵਿਚ ਦਰਜ ਐਫ.ਆਈ.ਆਰ. 203/23 ਦੀ ਤਫ਼ਤੀਸ਼ ਦੇ ਸਬੰਧ ਵਿਚ ਸਬ ਇੰਸਪੈਕਟਰ ਤੇਜਿੰਦਰ ਸਿੰਘ ਪੁਲਿਸ ਟੀਮ ਨਾਲ ਢਿਲਵਾਂ ਬੱਸ ਸਟੈਂਡ ਵਿਖੇ ਮੌਜੂਦ ਸਨ। ਇਸੇ ਦੌਰਾਨ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਉਕਤ ਐਫਆਈਆਰ 203 ਵਿਚ ਨਾਮਜ਼ਦ ਮੁਲਜ਼ਮ ਸੁਭਾਨਪੁਰ ਨੇੜੇ ਪਿੰਡ ਹੰਬੋਵਾਲ ਦੇ ਪੈਟਰੋਲ ਪੰਪ ’ਤੇ ਇੱਕ ਚਿੱਟੇ ਰੰਗ ਦੀ ਨੰਬਰੀ ਕਾਰ ਵਿਚ ਬੈਠੇ ਸਨ।
ਮੁਖ਼ਬਰ ਤੋਂ ਸੂਚਨਾ ਮਿਲਣ ’ਤੇ ਜਦੋਂ ਪੁਲਿਸ ਟੀਮ ਪੈਟਰੋਲ ਪੰਪ ’ਤੇ ਪੁੱਜੀ ਤਾਂ ਕਾਰ ’ਚ ਬੈਠੇ ਮੁਲਜ਼ਮ ਯੋਗੇਸ਼ ਕੁਮਾਰ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਦੀ ਖਿੜਕੀ ਖੋਲ੍ਹੇ ਬਿਨਾਂ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਸਬ-ਇੰਸਪੈਕਟਰ ਨੇ ਹੇਠਾਂ ਬੈਠ ਕੇ ਆਪਣਾ ਬਚਾਅ ਕੀਤਾ। ਪੁਲਿਸ ਟੀਮ ਦੀ ਮਦਦ ਨਾਲ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਅੰਮ੍ਰਿਤਸਰ ਪੁਲਿਸ ਦੇ ਸਬ-ਇੰਸਪੈਕਟਰ ਤਜਿੰਦਰ ਸਿੰਘ ਨੇ ਵੀ ਥਾਣਾ ਸੁਭਾਨਪੁਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਗਰੋਂ ਸੁਭਾਨਪੁਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਯੋਗੇਸ਼ ਕੁਮਾਰ ਵਾਸੀ ਹੁਸ਼ਿਆਰਪੁਰ ਅਤੇ ਅਜੈ ਵਰਮਾ ਵਾਸੀ ਨਵਾਂਸ਼ਹਿਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
(For more news apart from The accused who opened fire on the police, stay tuned to Rozana Spokesman)