
Abohar News : ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ 90 ਕਿਲੋ ਵਰਗ 'ਚ ਹਾਸਲ ਕੀਤਾ ਸਥਾਨ
Abohar News : ਪੰਜਾਬ ਦੇ ਅਬੋਹਰ ਦੇ ਪਹਿਲਵਾਨ ਟੋਨੀ ਸੰਧੂ ਨੇ ਅਮਰੀਕਾ ’ਚ ਹੋਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਤਿੰਨ ਸੋਨ ਤਗਮੇ ਜਿੱਤ ਕੇ ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਟੋਨੀ ਸੰਧੂ ਨੇ 2025 ’ਚ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਨ ਪ੍ਰਕਾਸ਼ ਟੋਨੀ ਸੰਧੂ ਦੇਸ਼-ਵਿਦੇਸ਼ ਵਿੱਚ ਕਈ ਮੁਕਾਬਲਿਆਂ ਵਿੱਚ ਭਾਗ ਲੈ ਕੇ ਅਣਗਿਣਤ ਮੈਡਲ ਜਿੱਤ ਚੁੱਕੇ ਹਨ ਅਤੇ ਨੌਜਵਾਨਾਂ ਨੂੰ ਕੁਸ਼ਤੀ ਅਤੇ ਬਾਡੀ ਬਿਲਡਿੰਗ ਲਈ ਪ੍ਰੇਰਿਤ ਕਰ ਚੁੱਕੇ ਹਨ। ਅਬੋਹਰ ਵਿੱਚ ਬਾਡੀ ਬਿਲਡਿੰਗ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਟੋਨੀ ਸੰਧੂ ਨੇ ਅਮਰੀਕਾ ਵਿੱਚ ਹੋਈ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ 90 ਕਿਲੋ ਵਰਗ ਵਿੱਚ ਭਾਗ ਲਿਆ ਅਤੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਤਿੰਨ ਸੋਨ ਤਗਮੇ ਜਿੱਤੇ।
ਆਈਬੀਐਫ ਏਸ਼ੀਆ ਦੇ ਪ੍ਰਧਾਨ ਪਰਵਿੰਦਰ ਸਿੰਘ ਸੇਲੀਨਾ ਅਤੇ ਟੋਨੀ ਸੰਧੂ ਦੇ ਭਰਾ ਬੰਟੀ ਸੰਧੂ ਨੇ ਕਿਹਾ ਕਿ ਜਦੋਂ ਟੋਨੀ ਸੰਧੂ ਜਨਵਰੀ ਵਿੱਚ ਵਾਪਸ ਆਉਣਗੇ ਤਾਂ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਬੰਟੀ ਸੰਧੂ ਨੇ ਕਿਹਾ ਕਿ ਬਾਡੀ ਬਿਲਡਿੰਗ ਨਾਲ ਨਾ ਸਿਰਫ਼ ਵਿਅਕਤੀ ਦਾ ਸਰੀਰ ਤੰਦਰੁਸਤ ਰਹਿੰਦਾ ਹੈ, ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਨੂੰ ਰੁਜ਼ਗਾਰ ਵਜੋਂ ਵੀ ਅਪਣਾ ਸਕਦੇ ਹਨ। ਇਸ ਖੇਤਰ ਵਿੱਚ ਲਗਾਤਾਰ ਮਿਹਨਤ ਕਰਕੇ ਸਫ਼ਲਤਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਵੱਧ ਹਨ। ਟੋਨੀ ਸੰਧੂ ਇਸ ਦਾ ਜਿਉਂਦਾ ਜਾਗਦਾ ਸਬੂਤ ਹੈ।
(For more news apart from Tony Sandhu of Abohar won 3 gold medals in America News in Punjabi, stay tuned to Rozana Spokesman)