ਪੰਜਾਬ ਦੇ 2000 ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਟਰਾਈਡੈਂਟ ਗਰੁੱਪ ਵਲੋਂ ਪੰਜਾਬ 'ਚ 2000 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਅਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 20 ਸਾਲਾਂ ਬਾਅਦ ਪੰਜਾਬ 'ਚ ਅਜਿਹਾ ਵਾਤਾਵਰਣ ਦੇਖਿਆ ਹੈ, ਜੋ ਇੰਡਸਟਰੀ ਲਈ ਫ਼ਾਇਦੇਮੰਦ ਹੈ।
ਉਨ੍ਹਾਂ ਕਿਹਾ ਕਿ ਟਰਾਈਡੈਂਟ ਗਰੁੱਪ ਪੰਜਾਬ ਸਰਕਾਰ ਦੀ ਹੀ ਦੇਣ ਹੈ ਅਤੇ ਇੱਥੋਂ ਹੀ ਅਸੀਂ ਹਿੰਦੋਸਤਾਨ ਦੀਆਂ ਵੱਖ-ਵੱਖ ਥਾਵਾਂ 'ਤੇ ਗਏ । ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬੀਆਂ ਅਤੇ ਪੰਜਾਬ ਦੀ ਇੰਡਸਟਰੀ ਲਈ ਵੱਡਾ ਐਲਾਨ ਇਕ ਖ਼ੁਸ਼ੀ ਦੀ ਗੱਲ ਹੈ । ਉਨ੍ਹਾਂ ਕਿਹਾ ਕਿ ਨਵੇਂ ਨਿਵੇਸ਼ ਨਾਲ ਪੰਜਾਬ ਦੇ 2000 ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਜਿਨ੍ਹਾਂ 'ਚੋਂ ਜ਼ਿਆਦਾਤਰ ਔਰਤਾਂ ਸ਼ਾਮਲ ਹੋਣਗੀਆਂ।
ਜ਼ਿਕਰਯੋਗ ਹੈ ਕਿ ਟਰਾਈਡੈਂਟ ਗਰੁੱਪ ਵਿਚ ਪਹਿਲਾਂ ਵੀ ਲਗਭਗ 10000 ਵਿਅਕਤੀ ਕੰਮ ਕਰ ਰਹੇ ਹਨ। ਟਰਾਈਡੈਂਟ ਗਰੁੱਪ ਦਾ ਪੰਜਾਬ ਦੇ ਬਰਨਾਲਾ ਸ਼ਹਿਰ ਅਤੇ ਮੱਧ ਪ੍ਰਦੇਸ਼ ਦੇ ਬੁਧਨੀ ਸ਼ਹਿਰ ਵਿਚ ਵੱਡੇ ਪਲਾਂਟ ਹਨ । ਇੰਡਸਟਰੀ ਲਈ ਚੰਗੇ ਵਾਤਾਵਰਨ ਦੇ ਚਲਦਿਆਂ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਮੁੜ ਤੋਂ ਪੰਜਾਬ ਵਿਚ ਇਨਵੈਸਟਮੈਂਟ ਕਰਨ ਦਾ ਮਨ ਬਣਾਇਆ। ਇਸ ਇਨਵੈਸਟਮੈਂਟ ਨਾਲ ਪੰਜਾਬ ਸੂਬੇ ਨੂੰ ਬਹੁਤ ਵੱਡਾ ਲਾਭ ਮਿਲੇਗਾ।
