
ਆੜ੍ਹਤੀਆਂ 'ਤੇ ਮਿੱਥ ਕੇ ਮਾਰੇ ਆਮਦਨ ਕਰ ਦੇ ਛਾਪਿਆਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਕੀਤੀ ਆਲੋਚਨਾ
ਅਜਿਹੀ ਬਦਲੇ ਦੀ ਰਾਜਨੀਤੀ ਨੂੰ ਭਾਰਤ ਦੀਆਂ ਸੰਵਿਧਾਨਕ ਰਵਾਇਤਾਂ ਲਈ ਖ਼ਤਰਨਾਕ ਦਸਿਆ
ਚੰਡੀਗੜ੍ਹ, 19 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ਕਰ ਰਹੇ ਆੜ੍ਹਤੀਆ ਵਿਰੁਧ ਡਰਾਉਣ-ਧਮਕਾਉਣ ਦੀਆਂ ਚਾਲਾਂ ਲਈ ਕੇਂਦਰ ਦੀ ਸਖ਼ਤ ਆਲੋਚਨਾ ਕਰਦਿਆਂ ਚਿਤਾਵਨੀ ਦਿਤੀ ਕਿ ਅਜਿਹੇ ਘਿਨਾਉਣੇ ਤਰੀਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁਧ ਲੋਕਾਂ ਦੇ ਗੁੱਸੇ ਵਿਚ ਹੋਰ ਵਾਧਾ ਕਰਨਗੇ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕੇਂਦਰ ਵਲੋਂ ਪੰਜਾਬ ਦੇ ਕੁੱਝ ਆੜ੍ਹਤੀਆਂ ਵਿਰੁਧ ਆਮਦਨ ਕਰ ਦੇ ਛਾਪੇ ਮਿੱਥ ਕੇ ਮਾਰੇ ਜਾ ਰਹੇ ਹਨ ਤਾਂ ਜੋ ਆੜ੍ਹਤੀਆਂ ਨੂੰ ਅਪਣੇ ਲੋਕਤੰਤਰੀ ਹੱਕਾਂ ਤੇ ਆਜ਼ਾਦੀ ਤੋਂ ਰੋਕਣ ਲਈ ਦਬਾਅ ਬਣਾਇਆ ਜਾ ਸਕੇ | ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਜ਼ਾਲਮਾਨਾ ਕਾਰਵਾਈਆਂ ਸੱਤਾਧਾਰੀ ਭਾਜਪਾ ਨੂੰ ਪੁੱਠੀਆਂ ਪੈਣਗੀਆਂ |
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਲੇ ਖੇਤੀ ਕਾਨੂੰਨਾਂ ਵਿਰੁਧ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਨਾਉਣ, ਗੁਮਰਾਹ ਕਰਨ ਅਤੇ ਵੰਡਣ ਵਿਚ ਅਸਫ਼ਲ ਰਹਿਣ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਆੜ੍ਹਤੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੈ ਜਿਹੜੇ ਪਹਿਲੇ ਹੀ ਦਿਨ ਤੋਂ ਪੂਰੀ ਸਰਗਰਮੀ ਨਾਲ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰ ਰਹੇ ਹਨ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਈ ਵੱਡੇ ਆੜ੍ਹਤੀਆਂ ਦੇ ਟਿਕਾਣਿਆਂ 'ਤੇ ਨੋਟਿਸ ਜਾਰੀ ਕਰਨ ਦੇ ਸਿਰਫ ਚਾਰ ਦਿਨਾਂ ਦੇ ਅੰਦਰ ਹੀ ਆਮਦਨ ਕਰ ਦੇ ਛਾਪੇ ਮਾਰੇ ਗਏ ਹਨ ਜਦਕਿ ਉਨ੍ਹਾਂ ਦੇ ਨੋਟਿਸ ਦਾ ਜਵਾਬ ਵੀ ਨਹੀਂ ਉਡੀਕਿਆ ਗਿਆ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸਪੱਸ਼ਟ ਕਰਦੀ ਹੈ ਕਿ ਬਣਦੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ | ਇਥੋਂ ਤਕ ਕਿ ਸਥਾਨਕ ਪੁਲਿਸ ਨੂੰ ਵੀ ਸੂਚਨਾ ਜਾਂ ਭਰੋਸੇ ਵਿਚ ਨਹੀਂ ਲਿਆ ਗਿਆ ਜੋ ਕਿ ਇਹ ਆਮ ਵਿਧੀ ਹੁੰਦੀ ਹੈ |
ਇਥੋਂ ਤਕ ਕਿ ਆਈ.ਟੀ. ਟੀਮਾਂ ਦੇ ਛਾਪਿਆਂ ਦੌਰਾਨ ਸੁਰੱਖਿਆ ਪ੍ਰਦਾਨ ਕਰਨ ਲਈ ਸੀ.ਆਰ.ਪੀ.ਐਫ਼. ਦੀ ਸਹਾਇਤਾ ਲਈ ਗਈ |
ਮੁੱਖ ਮੰਤਰੀ ਨੇ ਪੁਛਿਆ, ''ਜੇ ਇਹ ਕਿਸਾਨਾਂ ਦੇ ਸੰਘਰਸ਼ ਨੂੰ ਕਿਸੇ ਵੀ ਕੀਮਤ 'ਤੇ ਦਬਾਉਣ ਉਤੇ ਉਤਾਰੂ ਕੇਂਦਰ ਵਲੋਂ ਕੀਤੀ ਸਪੱਸ਼ਟ ਤੌਰ 'ਤੇ ਬਦਲਾਖੋਰੀ ਦੀ ਰਾਜਨੀਤੀ ਦਾ ਮਾਮਲਾ ਨਹੀਂ ਹੈ ਤਾਂ ਫੇਰ ਇਹ ਕੀ ਹੈ?''
ਸੀ.ਆਰ.ਪੀ.ਐਫ਼. ਦੀਆਂ ਦੋ ਬਸਾਂ ਭਰ ਕੇ ਰਾਤ ਭਰ ਜਿਨ੍ਹਾਂ ਆੜ੍ਹਤੀਆਂ ਦੇ ਛਾਪੇ ਮਾਰੇ ਗਏ ਉਨ੍ਹਾਂ ਪੀੜ੍ਹਤਾਂ ਵਿਚ ਵਿਜੇ ਕਾਲੜਾ (ਪ੍ਰਧਾਨ ਪੰਜਾਬ ਆੜ੍ਹਤੀਆ ਐਸੋਸੀਏਸ਼ਨ), ਪਵਨ ਕੁਮਾਰ ਗੋਇਲ (ਪ੍ਰਧਾਨ ਸਮਾਣਾ ਮੰਡੀ), ਜਸਵਿੰਦਰ ਸਿੰਘ ਰਾਣਾ (ਪਟਿਆਲਾ ਜ਼ਿਲ੍ਹਾ ਪ੍ਰਧਾਨ), ਮਨਜਿੰਦਰ ਸਿੰਘ ਵਾਲੀਆ (ਪ੍ਰਧਾਨ ਨਵਾਂਸ਼ਹਿਰ), ਹਰਦੀਪ ਸਿੰਘ ਲੱਡਾ (ਪ੍ਰਧਾਨ ਰਾਜਪੁਰਾ) ਅਤੇ ਕਰਤਾਰ ਸਿੰਘ ਤੇ ਅਮਰੀਕ ਸਿੰਘ (ਆੜ੍ਹਤੀਏ ਰਾਜਪੁਰਾ) ਸ਼ਾਮਲ ਹਨ | ਪੰਜਾਬ ਭਰ ਦੇ ਕੁੱਲ 14 ਆੜ੍ਹਤੀਆ ਨੂੰ ਆਮਦਨ ਕਰ ਵਿਭਾਗ ਵਲੋਂ ਨੋਟਿਸ ਹਾਸਲ ਹੋਏ ਹਨ |
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਵਿਰੋਧੀਆਂ ਨੂੰ ਦਬਾਉਣ ਲਈ ਅਪਣੀ ਧੌਾਸ ਜਮਾਉਣ ਵਾਸਤੇ ਕੇਂਦਰੀ ਏਜੰਸੀ ਦੀ ਦੁਰਵਰਤੋਂ ਕਰਨ ਦੀ ਇਹ ਪਹਿਲੀ ਮਿਸਾਲ ਨਹੀਂ ਹੈ | ਉਹਨਾਂ ਕਿਹਾ, ''ਕੇਂਦਰ ਦੀਆਂ ਇਹ ਧੱਕੇਸ਼ਾਹੀਆਂ ਵਿਸ਼ਵ ਦੇ ਸੱਭ ਤੋਂ ਵੱਡੇ ਜਮਹੂਰੀ ਮੁਲਕ ਲਈ ਚੰਗਾ ਸੰਕੇਤ ਨਹੀਂ ਹੈ |''
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਵੀ ਲੋਕਾਂ ਦੇ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਅਧਿਕਾਰ ਨੂੰ ਕਾਇਮ ਰੱਖ ਚੁੱਕੀ ਹੈ ਤਾਂ ਕੇਂਦਰ ਸਰਕਾਰ ਵਲੋਂ ਇਹ ਕਾਰਵਾਈਆਂ ਸਿਖਰਲੀ ਅਦਾਲਤ ਦੇ ਆਦੇਸ਼ਾਂ ਦੇ ਨਾਲ-ਨਾਲ ਸੰਵਿਧਾਨ ਦੀ ਭਾਵਨਾ ਦੀ ਵੀ ਸਰਾਸਰ ਉਲੰਘਣਾ ਹੈ ਕਿਉਾ ਜੋ ਸੰਵਿਧਾਨ ਵਿਚ ਹਰੇਕ ਨਾਗਰਿਕ ਨੂੰ ਅਪਣੀ ਆਵਾਜ਼ ਉਠਾਉਣ ਦਾ ਹੱਕ ਦਿਤਾ ਗਿਆ ਹੈ |
ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕਿਸਾਨ ਪਿਛਲੇ ਤਿੰਨ ਹਫ਼ਤਿਆਂ ਤੋਂ ਹੱਡ ਚੀਰਵੀਂ ਠੰਢ ਅਤੇ ਕੋਵਿਡ ਦੀਆਂ ਪ੍ਰਸਥਿਤੀਆਂ ਵਿਚੋਂ ਗੁਜਰ ਰਹੇ ਹਨ ਅਤੇ ਇਸ ਅੰਦੋਲਨ ਦੌਰਾਨ ਲਗਪਗ ਦੋ ਦਰਜਨ ਨੂੰ ਅਪਣੀ ਜਾਨ ਵੀ ਗਵਾਉਣੀ ਪਈ ਹੈ ਜਦਕਿ ਇਨ੍ਹਾਂ ਕਿਸਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਕੇਂਦਰ ਸਰਕਾਰ ਉਲਟਾ ਕਿਸਾਨਾਂ ਦੇ ਹੌਸਲੇ ਢਾਹੁਣ ਲਈ ਘਟੀਆ ਪੱਧਰ ਦੀਆਂ ਚਾਲਾਂ ਚੱਲ ਰਹੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਸਿਰਫ਼ ਕਿਸਾਨ ਭਾਈਚਾਰੇ ਦੇ ਭਵਿੱਖ ਦਾ ਸਵਾਲ ਹੀ ਨਹੀਂ ਹੈ ਸਗੋਂ ਇਸ ਦਾ ਮੁਲਕ ਦੀਆਂ ਸੰਵਿਧਾਨਕ ਕਦਰਾਂ-ਕੀਮਤਾਂ ਨਾਲ ਵੀ ਸਿੱਧਾ ਸਰੋਕਾਰ ਹੈ ਜਿਨ੍ਹਾਂ ਨੂੰ ਕੇਂਦਰ ਦੀਆਂ ਅਜਿਹੀਆਂ ਆਪਹੁਦਰੀਆਂ ਨਾਲ ਖ਼ਤਰਾ ਪੈਦਾ ਹੋ ਗਿਆ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਉਤੇ ਹੱਠਧਰਮੀ ਵਾਲਾ ਰਵੱਈਆ ਨਾ ਅਪਣਾਵੇ ਸਗੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਵੇ ਅਤੇ ਹੋਰ ਵਿਕਾਸਮੁਖੀ ਸੁਧਾਰਾਂ ਵਾਲੇ ਕਾਨੂੰਨ ਲਿਆਉਣ ਲਈ ਕਿਸਾਨਾਂ ਅਤੇ ਹੋਰ ਭਾਈਵਾਲਾਂ ਨਾਲ ਅਰਥਪੂਰਨ ਗੱਲਬਾਤ ਦਾ ਦੌਰ ਨਵੇਂ ਸਿਰਿਉਾ ਸ਼ੁਰੂ ਕੀਤਾ ਜਾਵੇ ਜੋ ਕਿ ਇਹ ਸਾਰਿਆਂ ਦੇ ਹਿੱਤ ਵਿਚ ਹੋਵੇ |