
ਕਿਹਾ, ਉਲੰਪਿਕ ਕੁਆਲੀਫ਼ਾਇਰ ਸਿਮਰਨਜੀਤ ਕੌਰ ਤੋਂ ਪੰਜਾਬ ਨੂੰ ‘ਟੋਕੀਓ ਗੋਲਡ’ ਦੀ ਉਮੀਦ
ਚੰਡੀਗੜ੍ਹ : ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਰਮਨੀ ਵਿਖੇ ਕੋਲੋਨ ਬਾਕਸਿੰਗ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਸੋਨ ਤਮਗ਼ਾ ਜਿੱਤਣ ਵਾਲੀ ਪੰਜਾਬ ਦੀ ਮਹਿਲਾ ਮੁੱਕੇਬਾਜ਼ ਅਤੇ ਉਲੰਪਿਕ ਕੁਆਲੀਫ਼ਾਇਰ ਸਿਮਰਨਜੀਤ ਕੌਰ ਬਾਠ ਨੂੰ ਉਸ ਦੀ ਮਾਣਮੱਤੀ ਸਫ਼ਲਤਾ ਲਈ ਵਧਾਈ ਦਿੱਤੀ ਹੈ। ਰਾਣਾ ਸੋਢੀ ਨੇ ਕਿਹਾ ਕਿ 25 ਸਾਲਾ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਜਿਵੇਂ ਆਪਣੀ ਜਰਮਨ ਵਿਰੋਧੀ ਮੁੱਕੇਬਾਜ਼ ਨੂੰ ਫ਼ਾਈਨਲ ਵਿਚ ਚਿੱਤ ਕਰਨ ਕਲੀਨ ਮੁੱਕਿਆਂ ਨਾਲ ਤੇਜ਼ ਫੁਟਵਰਕ ਕੀਤਾ, ਉਸ ਤੋਂ ਪੂਰੀ ਉਮੀਦ ਹੈ ਕਿ ਉਹ ਨਿਸ਼ਚਿਤ ਤੌਰ `ਤੇ ਟੋਕਿਓ ਓਲੰਪਿਕ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰੇਗੀ।
Rana Sodhi hails Boxer Simranjeet Kaur for winning gold in Cologne Boxing World Championship
ਇੱਥੇ ਜਾਰੀ ਬਿਆਨ ਵਿੱਚ ਖੇਡ ਮੰਤਰੀ ਨੇ ਕਿਹਾ ਕਿ ਭਾਰਤ ਦੀ ਏ.ਆਈ.ਬੀ.ਏ. ਮਹਿਲਾ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਸਿਮਰਨਜੀਤ ਕੌਰ ਨੇ ਸੈਮੀਫ਼ਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 60 ਕਿਲੋ ਭਾਰ ਵਰਗ ਦੀ ਖ਼ਿਤਾਬੀ ਜੰਗ ਵਿੱਚ ਮਾਇਆ ਕਲੈਨਹੰਸ ਨੂੰ ਹਰਾ ਕੇ ਮੁਕਾਬਲਾ ਜਿੱਤਿਆ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਸੂਬੇ ਦੀ ਇਸ ਪਲੇਠੀ ਮਹਿਲਾ ਮੁੱਕੇਬਾਜ਼ ਦੀਆਂ ਉਲੰਪਿਕ ਦੀਆਂ ਤਿਆਰੀਆਂ ਦਾ ਸਾਰਾ ਖ਼ਰਚ ਚੁੱਕਣ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸਧਾਰਣ ਪਰਿਵਾਰ ਦੀ ਧੀ ਦੀ ਅਸਧਾਰਣ ਪ੍ਰਾਪਤੀ ਹੈ ਅਤੇ ਰਾਜ ਸਰਕਾਰ ਵੱਲੋਂ ਉਸ ਦੇ ਖੇਡ ਕੈਰੀਅਰ ਨੂੰ ਹੋਰ ਅੱਗੇ ਵਧਾਉਣ ਲਈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
Simranjit Kaur
ਰਾਣਾ ਸੋਢੀ ਨੇ ਕਿਹਾ ਕਿ ਖੇਡਾਂ ਵਿੱਚ ਮੱਲਾਂ ਕਾਰਨ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਲਈ ਪ੍ਰੇਰਣਾਸੋਰਤ ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਵਾਲੀ ਪਹਿਲੀ ਪੰਜਾਬੀ ਮਹਿਲਾ ਮੁੱਕੇਬਾਜ਼ ਹੈ ਅਤੇ ਉਸ 'ਤੇ ਪੰਜਾਬ ਨੂੰ ਹੀ ਨਹੀਂ, ਸਗੋਂ ਪੂਰੇ ਦੇਸ਼ ਨੂੰ ਮਾਣ ਹੈ। ਮੰਤਰੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ ਏਸ਼ੀਆ-ਓਸ਼ੇਨੀਆ ਕੁਆਲੀਫ਼ਾਇਰ ਵਿਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ ਅਤੇ ਹੁਣ ਉਹ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਪਿੜ ਵਿੱਚ ਭਾਰਤ ਦੀ ਨੁਮਾਇੰਦਗੀ ਲਈ ਖ਼ੁਦ ਨੂੰ ਤਿਆਰ ਕਰ ਰਹੀ ਹੈ।
Simranjit Kaur
ਦੱਸਣਯੋਗ ਹੈ ਕਿ ਕੋਲੋਨ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਮੁੱਕੇਬਾਜ਼ਾਂ ਨੇ ਤਿੰਨ ਸੋਨੇ ਦੇ ਤਮਗ਼ੇ ਜਿੱਤ ਹਨ, ਜਿਨ੍ਹਾਂ ਵਿਚ ਸਿਮਰਨਜੀਤ ਕੌਰ (60 ਕਿਲੋ ਭਾਰ ਵਰਗ), ਮਨੀਸ਼ਾ ਮੌਨ (57 ਕਿਲੋ ਭਾਰ ਵਰਗ) ਅਤੇ ਅਮਿਤ ਪੰਗਾਲ (52 ਕਿੱਲੋ ਭਾਰ ਵਰਗ) ਸ਼ਾਮਲ ਹਨ ਜਦ ਕਿ ਦੋ ਚਾਂਦੀ ਅਤੇ ਚਾਰ ਕਾਂਸੀ ਦਾ ਤਮਗ਼ੇ ਭਾਰਤ ਦੀ ਝੋਲੀ ਪਏ ਹਨ।