
ਮੁੱਖ ਮੰਤਰੀ ਨੇ ਅਪਰਾਧਕ ਕੇਸਾਂ ਵਿਚ ਪੜਤਾਲ ਕਰਨ ਵਾਸਤੇ ਪੁਲਿਸ ਅਧਿਕਾਰੀਆਂ ਲਈ ਟੀਚੇ ਨਿਰਧਾਰਤ ਕੀਤੇ
ਚੰਡੀਗੜ੍ਹ, 19 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਅਮਲ ਨੂੰ ਸਖ਼ਤੀ ਨਾਲ ਯਕੀਨੀ ਬਣਾਉਣ ਅਤੇ ਅਪਰਾਧਕ ਮਾਮਲਿਆਂ ਖ਼ਾਸ ਕਰ ਕੇ ਘਿਨਾਉਣੇ ਜੁਰਮਾਂ ਅਤੇ ਔਰਤਾਂ, ਬੱਚਿਆਂ ਅਤੇ ਕਮਜ਼ੋਰ ਵਰਗਾਂ ਵਿਰੁਧ ਅਪਰਾਧ ਦੇ ਕੇਸਾਂ ਵਿਚ ਸਜ਼ਾ ਦਰ 'ਚ ਸੁਧਾਰ ਲਿਆਉਣ ਲਈ ਅੱਜ ਸਾਰੇ ਰੈਂਕਾਂ ਦੇ ਪੁਲਿਸ ਅਧਿਕਾਰੀਆਂ ਦੁਆਰਾ ਅਪਰਾਧਕ ਕੇਸਾਂ ਦੀ ਜਾਂਚ ਲਈ ਵਿਸ਼ੇਸ਼ ਟੀਚੇ ਨਿਰਧਾਰਤ ਕਰਨ ਦੇ ਹੁਕਮ ਦਿਤੇ ਹਨ | ਇਸ ਨਾਲ ਪੁਲਿਸ ਕਮਿਸ਼ਨਰ ਦੇ ਰੈਂਕ ਤੋਂ ਲੈ ਕੇ ਐਸ.ਪੀ. ਤੋਂ ਹੇਠਾਂ ਐਸ.ਐਚ.ਓਜ., ਸਬ-ਇੰਸਪੈਕਟਰਾਂ ਅਤੇ ਹੈੱਡ ਕਾਂਸਟੇਬਲਾਂ ਤਕ ਸਾਰੇ ਪੁਲਿਸ ਅਧਿਕਾਰੀਆਂ ਨੂੰ ਇਕ ਸਾਲ ਵਿਚ ਦਿਤੇ ਹੋਏ ਕੇਸਾਂ ਵਿਚ ਨਿਜੀ ਤੌਰ ਉਤੇ ਪੜਤਾਲ ਕਰਨ ਅਤੇ ਚਲਾਨ ਪੇਸ਼ ਕਰਨਾ ਹੋਵੇਗਾ ਅਤੇ ਸੀਨੀਅਰ ਅਧਿਕਾਰੀ ਵਲੋਂ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਇਆ ਕਰੇਗੀ | ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਨਿਰੰਤਰ ਪੈਰਵੀ ਕਰਨ ਦੇ ਨਾਲ-ਨਾਲ ਮੁਕੱਦਮੇ ਅਤੇ ਲਾਅ ਅਫ਼ਸਰਾਂ ਨਾਲ ਨੇੜਿਉਾ ਤਾਲਮੇਲ ਰੱਖਣਾ ਵੀ ਜ਼ਰੂਰੀ ਹੋਵੇਗਾ |