
ਦੇਸ਼ ਵਿਚ ਕੋਰੋਨਾ ਦੇ ਕੁਲ ਮਾਮਲੇ ਇਕ ਕਰੋੜ ਤੋਂ ਪਾਰ, 95 ਲੱਖ ਮਰੀਜ਼ ਹੋਏ ਠੀਕ
ਨਵੀਂ ਦਿੱਲੀ, 19 ਦਸੰਬਰ : ਦੇਸ਼ 'ਚ ਇਕ ਦਿਨ 'ਚ ਕੋਰੋਨਾ ਵਾਇਰਸ ਦੇ 25 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਵਾਇਰਸ ਦੇ ਮਾਮਲੇ ਵੱਧ ਕੇ ਇਕ ਕਰੋੜ ਤੋਂ ਪਾਰ ਪਹੁੰਚ ਗਏ ਹਨ | ਇਨ੍ਹਾਂ 'ਚੋਂ 95 ਲੱਖ 50 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ |
ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 347 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਿ੍ਤਕਾਂ ਦੀ ਗਿਣਤੀ ਵੱਧ ਕੇ 1,45,136 ਹੋ ਗਈ ਹੈ | ਦੂਜੇ ਪਾਸੇ ਦੇਸ਼ 'ਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 3 ਲੱਖ ਰਹਿ ਗਈ ਹੈ | ਦੇਸ਼ 'ਚ ਲਗਾਤਾਰ 12 ਦਿਨਾਂ ਤੋਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਚਾਰ ਲੱਖ ਤੋਂ ਘੱਟ ਹੈ | ਹੁਣ 3,08,751 ਲੋਕਾਂ ਦਾ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ ਜੋ ਕੁੱਲ ਮਾਮਲਿਆਂ ਦਾ 3.14 ਫ਼ੀ ਸਦੀ ਹਨ | ਅੰਕੜਿਆਂ ਮੁਤਾਬਕ 95 ਲੱਖ 50 ਹਜ਼ਾਰ 712 ਲੋਕਾਂ ਦੇ ਕੋਰੋਨਾ ਮੁਕਤ ਹੋਣ ਨਾਲ ਹੀ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 95.46 ਫ਼ੀ ਸਦੀ ਹੋ ਗਈ ਹੈ |
ਦੂਜੇ ਪਾਸੇ ਕੋਰੋਨਾ ਵਾਇਰਸ ਨਾਲ ਮੌਤ ਦਰ 1.45 ਫ਼ੀ ਸਦੀ ਹੈ | ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਮੁਤਾਬਕ ਦੇਸ਼ 'ਚ ਹੁਣ ਤਕ 16 ਕਰੋੜ 90 ਹਜ਼ਾਰ 514 ਨਮੂਨਿਆਂ ਦੀ ਕੋਰੋਨਾ ਸੰਬੰਧੀ ਜਾਂਚ ਕੀਤਾ ਜਾ ਚੁੱਕੀ ਹੈ ਜਿਨ੍ਹਾਂ 'ਚ 11 ਲੱਖ 71 ਹਜ਼ਾਰ 868 ਨਮੂਨਿਆਂ ਦੀ ਜਾਂਚ ਸ਼ੁਕਰਵਾਰ ਨੂੰ ਕੀਤੀ ਗਈ | ਸਿਹਤ ਮੰਤਰਾਲੇ ਨੇ ਦਸਿਆ ਕਿ ਹੁਣ ਤਕ ਜਿੰਨ੍ਹਾ ਲੋਕਾਂ ਦੀ ਮੌਤ ਹੋਈ ਉਨ੍ਹਾਂ 'ਚੋਂ 70 ਫੀ ਸਦੀ ਤੋਂ ਜ਼ਿਆਦਾ ਮਾਮਲਿਆਂ 'ਚ ਮਰੀਜ਼ਾਂ ਨੂੰ ਹੋਰ ਬੀਮਾਰੀਆਂ ਵੀ ਸੀ |