
ਬਾਬਾ ਬਲਬੀਰ ਸਿੰਘ ਨੇ ਦੋਸ਼ੀ ਨੂੰ ਸੰਗਤ ਵਲੋਂ ਦਿਤੀ ਸਜ਼ਾ ਨੂੰ ਬਿਲਕੁਲ ਜਾਇਜ਼ ਦਸਿਆ
ਨਿਹੰਗ ਮੁਖੀ ਨੇ ਕਪੂਰਥਲਾ ਵਿਖੇ ਵਾਪਰੀ ਘਟਨਾ
ਅੰਮ੍ਰਿਤਸਰ, 19 ਦਸੰਬਰ (ਸਸਸ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਵਿਅਕਤੀ ਵਲੋਂ ਬੇਅਦਬੀ ਪੈਦਾ ਕਰਨ ਦੀ ਭਾਵਨਾ ਨਾਲ ਜੰਗਲਾ ਟੱਪਣਾ ਬਹੁਤ ਦੁਖਦਾਈ ਤੇ ਹਿਰਦੇ ਵਲੂੰਧਰਣ ਵਾਲਾ ਹੈ। ਸੰਗਤ ਨੇ ਉਸ ਨੂੰ ਜੋ ਸਜ਼ਾ ਦਿਤੀ ਹੈ ਉਹ ਉਸੇ ਦਾ ਭਾਗੀ ਸੀ ਜੋ ਵੀ ਵਿਅਕਤੀ ਅਜਿਹੀ ਭਾਵਨਾ ਲੈ ਕੇ ਗੁਰਦੁਆਰਾ ਸਾਹਿਬ ਅੰਦਰ ਆਵੇਗਾ ਉਸ ਦਾ ਏਹੋ ਜਿਹਾ ਹੀ ਹਸ਼ਰ ਹੋਵੇਗਾ। ਨਿਹੰਗ ਸਿੰਘਾਂ ਦੀ ਮੱੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਹੈ ਕਿ ਬੇਹੱਦ ਅਫ਼ਸੋਸ ਵਾਲੀ ਘਟਨਾ ਹੈ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਦਿ ਅਸਥਾਨਾਂ ’ਤੇ ਅਜਿਹੀਆਂ ਅਸਹਿਣਯੋਗ ਘਟਨਾਵਾਂ ਵਾਪਰੀਆਂ ਹਨ। ਹੁਣ ਸੰਗਤ ਵਲੋਂ ਜੋ ਵੀ ਦੋਸ਼ੀ ਨੂੰ ਸਜ਼ਾ ਦਿਤੀ ਗਈ ਹੈ ਉਹ ਉਸੇ ਦਾ ਹੀ ਭਾਗੀ ਸੀ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਿਛੇ ਕਿਹੜੀ ਤਾਕਤ ਕੰਮ ਕਰਦੀ ਹੈ, ਦੀ ਅਸਲੀਅਤ ਜਗਤ ਸਾਹਮਣੇ ਨਾ ਰੱਖੀ ਗਈ ਤਾਂ ਫਿਰ ਆਉਂਦੇ ਸਮੇਂ ਵਿਚ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰਾਂ ਹੀ ਜ਼ੁੰਮੇਵਾਰ ਹੋਣਗੀਆਂ। ਉਨ੍ਹਾਂ ਬਹੁਤ ਹੀ ਅਫ਼ਸੋਸ ਨਾਲ ਕਿਹਾ ਕਿ ਕਪੂਰਥਲਾ ਸੁਭਾਨਪੁਰ ਰੋਡ ਤੇ ਅੱਡਾ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਵਿਅਕਤੀ ਵਲੋਂ ਨਿਸ਼ਾਨ ਸਾਹਿਬ ਤੇ ਚੜ੍ਹ ਕੇ ਬੇਅਦਬੀ ਕਰਨੀ, ਗੁਰਦੁਆਰਾ ਸਾਹਿਬ ਦੀ ਬਿਜਲੀ ਕੱਟਣੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੇ ਮਨਸੂਬੇ ਤਹਿਤ ਸਥਾਨਕ ਸਿੱਖਾਂ ਨੇ ਉਸ ਨੂੰ ਕਾਬੂ ਕੀਤਾ ਹੈ ਤੇ ਉਸ ਨੇ ਮੰਨਿਆ ਹੈ ਕਿ ਸਾਨੂੰ ਦਿੱਲੀ ਤੋਂ ਪੈਸੇ ਦੇ ਕੇ ਭੇਜਿਆ ਗਿਆ ਹੈ। ਉਨ੍ਹਾਂ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਕਮੇਟੀਆਂ, ਸੇਵਾਦਾਰਾਂ, ਸਥਾਨਕ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਅਪਣੇ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਦੀ ਰਾਖੀ ਕਰਨ ਲਈ ਜ਼ਿੰਮੇਵਾਰੀ ਨਾਲ ਪਹਿਰਾ ਦੇਣ। ਇਹ ਇਕ ਸੋਚੀ ਸਮਝੀ ਸਾਜ਼ਸ਼ ਨਾਲ ਹਮਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਨੂੰ ਯੋਜਨਾਬੰਦ ਤਰੀਕੇ ਨਾਲ ਠੱਲ੍ਹਣ ਦੀ ਲੋੜ ਹੈ।
ਬਾਬਾ ਬਲਬੀਰ ਸਿੰਘ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਦਿਤੇ ਜਾਣ ਵਾਲੇ ਪ੍ਰਸਾਦਿ ਦੀ ਪੈਕਿੰਗ ਵਿਚ ਸਿਗਰਟ ਦੀ ਮਸ਼ਹੂਰੀ ਵਾਲੀ ਇਤਰਾਜ਼ਯੋਗ ਸਮੱਗਰੀ ਪਿ੍ਰਟਿੰਗ ਹੋਣੀ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਦਸਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਜੀਦਗੀ ਨਾਲ ਪੜਤਾਲ ਕਰਵਾਏ ਤੇ ਦੋਸ਼ੀਆਂ ਵਿਰੁਧ ਢੁਕਵੀ ਕਾਰਵਾਈ ਕਰੇ।