
ਉੱਤਰੀ-ਭਾਰਤ ’ਚ ਕੜਾਕੇ ਦੀ ਠੰਢ, ਰਾਜਸਥਾਨ ਤੇ ਸ਼੍ਰੀਨਗਰ ’ਚ ਜੰਮ ਗਿਆ ਪਾਣੀ
ਨਵੀਂ ਦਿੱਲੀ/ਸ਼੍ਰੀਨਗਰ, 19 ਦਸੰਬਰ : ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਪਹਾੜਾਂ ’ਤੇ ਲਗਾਤਾਰ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਸੀਤ ਲਹਿਰ ਨੇ ਜੋਰ ਫੜ ਲਿਆ ਹੈ। ਇਸ ਕਾਰਨ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ’ਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ। ਉੱਤਰੀ-ਪੱਛਮੀ ਭਾਰਤ ਦੇ ਵੱਖ-ਵੱਖ ਹਿਸਿਆਂ ’ਚ ਕਈ ਥਾਈਂ ਸੰਘਣੀ ਧੁੰਦ ਪੈ ਰਹੀ ਹੈ। ਪਹਾੜਾਂ ਵਲੋਂ ਆ ਰਹੀਆਂ ਬਰਫਾਨੀ ਹਵਾਵਾਂ ਕਾਰਨ ਸ਼ਨੀਵਾਰ ਘੱਟੋ-ਘੱਟ ਤਾਪਮਾਨ ’ਚ ਕਮੀ ਹੋਈ ਹੈ। ਰਾਜਸਥਾਨ ਦੇ ਫਤਿਹਪੁਰ ਵਿਖੇ ਮਨਫੀ 1.6, ਚੁਰੂ ਅਤੇ ਮਾਊਂਟ ਆਬੂ ਵਿਖੇ ਸਿਫਰ ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਰਾਜਸਥਾਨ ਦੇ ਫ਼ਤਹਿਪੁਰ ਅਤੇ ਚੁਰੂ ਵਿਚ ਲਗਾਤਾਰ ਦੂਜੇ ਦਿਨ ਪਾਰਾ ਜਮਾਅ ਬਿੰਦੂ ਤੋਂ ਥੱਲੇ ਰਿਹਾ। ਪੰਜਾਬ ’ਚ ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਸਭ ਤੋਂ ਘੱਟ ਸਿਫਰ ਡਿਗਰੀ ਤਾਪਮਾਨ ਸੀ। ਰਾਜਸਥਾਨ ਅਤੇ ਸ਼੍ਰੀਨਗਰ ਵਿਖੇ ਕਈ ਥਾਈਂ ਪਾਣੀ ਜੰਮ ਗਿਆ।
ਦਿੱਲੀ ’ਚ 5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਹਰਿਆਣਾ ’ਚ ਕਈ ਸ਼ਹਿਰਾਂ ’ਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਸੀ। ਰਾਜਸਥਾਨ ਦੇ ਦਰੱਖਤਾਂ ’ਤੇ ਪਈਆਂ ਤਰੇਲ ਦੀਆਂ ਬੂੰਦਾਂ ਬਰਫ ’ਚ ਬਦਲ ਗਈਆਂ। ਸ਼੍ਰੀਨਗਰ ਅਤੇ ਕਸ਼ਮੀਰ ਦੇ ਕਈ ਹਿੱਸਿਆਂ ’ਚ ਸ਼ੁੱਕਰਵਾਰ ਦੀ ਰਾਤ ਇਸ ਮੌਸਮ ਦੀ ਸਭ ਤੋਂ ਠੰਡੀ ਰਾਤ ਸੀ। ਵਾਦੀ ਦੇ ਕਈ ਹਿੱਸਿਆਂ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ। ਇਸ ਕਾਰਨ ਪਾਣੀ ਦੀਆਂ ਪਾਈਪਾਂ ’ਚ ਪਾਣੀ ਜੰਮ ਗਿਆ। ਸ਼੍ਰੀਨਗਰ ਵਿਖੇ ਸ਼ੁੱਕਰਵਾਰ ਰਾਤ ਨੂੰ ਮਨਫੀ 6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਬਾਰਾਮੂਲਾ ਜਲਿੇ ਦੇ ਗੁਲਮਰਗ ਵਿਖੇ ਇਹ ਤਾਪਮਾਨ ਮਨਫੀ 8.5 ਸੀ। ਵਾਦੀ ’ਚ ਇਹ ਸਭ ਤੋਂ ਘੱਟ ਤਾਪਮਾਨ ਸੀ। (ਏਜੰਸੀ)